ਟੋਰਾਂਟੋ— ਇੰਡੀਜੀਨਸ ਸਰਵਿਸਜ਼ ਮੰਤਰੀ ਜੇਨ ਫਿਲਪੌਟ ਦਾ ਕਹਿਣਾ ਹੈ ਕਿ ਅਗਲੇ ਫੈਡਰਲ ਬਜਟ ਵਿੱਚ ਫਸਟ ਨੇਸ਼ਨਜ਼ ਚਾਈਲਡ ਵੈੱਲਫੇਅਰ ਸਰਵਿਸਜ਼ (ਮੂਲ ਵਾਸੀਆਂ) ਲਈ ਵਧੇਰੇ ਪੈਸੇ ਰੱਖੇ ਜਾਣਗੇ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਰਕਮ ਕਿੰਨੀ ਹੋਵੇਗੀ। ‘ਅਸੈਂਬਲੀ ਆਫ ਫਰਸਟ ਨੇਸ਼ਨਜ਼’ ਵੱਲੋਂ ਚੀਫਜ਼ ਦੀ ਵਿਸ਼ੇਸ਼ ਮੀਟਿੰਗ ਉੱਤੇ ਫਿਲਪੌਟ ਨੇ ਦੱਸਿਆ ਕਿ ਗੈਰ-ਮੂਲਵਾਸੀ ਬੱਚਿਆਂ ਦੇ ਮੁਕਾਬਲੇ ਮੂਲਵਾਸੀ ਬੱਚਿਆਂ ਲਈ ਉਪਲਬਧ ਸੁਵਿਧਾਵਾਂ ਵਿੱਚ ਫੰਡਾਂ ਨੂੰ ਲੈ ਕੇ ਜਿਹੜਾ ਅੰਤਰ ਹੈ, ਲਿਬਰਲ ਸਰਕਾਰ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਵਿੱਤ ਮੰਤਰੀ ਬਿੱਲ ਮੌਰਨਿਊ ਨਾਲ ਸਾਲ 2018 ਦਾ ਬਜਟ ਜਾਰੀ ਕਰਨ ਤੋਂ ਪਹਿਲਾਂ ਫੰਡਿੰਗ ਸੰਬੰਧੀ ਗੱਲਬਾਤ ਕਰੇਗੀ।
ਉਨ੍ਹਾਂ ਕਿਹਾ ਕਿ ਫਸਟ ਨੇਸ਼ਨਜ਼ ਦੀਆਂ ਚਾਈਲਡ ਵੈੱਲਫੇਅਰ ਸਰਵਿਸਿਜ਼ ਲਈ ਹੋਣ ਵਾਲੀ ਘੱਟ ਫੰਡਿੰਗ ਨੂੰ ਲੈ ਕੇ ਵੀ ਉਹ ਕਾਫੀ ਚਿੰਤਤ ਹੈ। ਇਹ ਮਾਮਲਾ ਕਾਨੂੰਨੀ ਲੜਾਈ ਦਾ ਹੈ ਤੇ ਇਸ ਸਮੇਂ ‘ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ’ ਕੋਲ ਹੈ। ਏ.ਐੱਫ.ਅੱੈਨ ( ਅਸੈਂਬਲੀ ਆਫ ਫਸਟ ਨੇਸ਼ਨਜ਼) ਅਤੇ ਫਰਸਟ ਨੇਸ਼ਨਜ਼ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੋਵੇਂ ਹੀ ਚਾਹੁੰਦੀਆਂ ਹਨ ਕਿ ਫੈਡਰਲ ਸਰਕਾਰ ਇਸ ਲਈ ਹੋਰ ਪੈਸੇ ਦੇਵੇ ਤੇ ਜਲਦੀ ਤੋਂ ਜਲਦੀ 155 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਜਾਵੇ।