ਚੰਡੀਗੜ੍ਹ, ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦਰਮਿਆਨ ਖਿੱਚੋਤਾਣ ਬਾਰੇ ਪਾਰਟੀ ਦੇ ਕਈ ਆਗੂਆਂ ਨੇ ਪਿਛਲੇ ਦਿਨੀਂ ਗੁਪਤ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਪਟਿਆਲਾ ਨਾਲ ਸਬੰਧਤ ਪਾਰਟੀ ਦੇ ਸੂਬਾਈ ਆਗੂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਸੀ, ਜਿਸ ’ਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਪ੍ਰਧਾਨ, ਵਿਧਾਨ ਸਭਾ ਚੋਣਾਂ ਲੜਨ ਵਾਲੇ ਕਈ ਆਗੂ ਅਤੇ ਸੂਬਾਈ ਆਗੂ ਸ਼ਾਮਲ ਹੋਏ। ਇਸ ਮੀਟਿੰਗ ਨੂੰ ਪਾਰਟੀ ਦੇ ਕੁਝ ਵਿਧਾਇਕਾਂ ਦਾ ਵੀ ਸਮਰਥਨ ਸੀ। ਇਸ ਮੀਟਿੰਗ ’ਚ ਸ਼ਾਮਲ ਹੋਏ ਬਹੁਤੇ ਆਗੂ ਦਿੱਲੀ ਦੀ ਲੀਡਰਸ਼ਿਪ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਸ੍ਰੀ ਮਾਨ ਤੇ ਸ੍ਰੀ ਖਹਿਰਾ ਦਰਮਿਆਨ ਚੱਲ ਰਹੀ ਖਿੱਚੋਤਾਣ ਕਾਰਨ ਪਾਰਟੀ ਨੂੰ ਹੋ ਰਹੇ ਨੁਕਸਾਨ ਬਾਰੇ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ। ਕੁਝ ਆਗੂਆਂ ਨੇ ਕਿਹਾ ਕਿ ਸ੍ਰੀ ਖਹਿਰਾ ਵੱਲੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕਰਨ ਕਾਰਨ ਖਿੱਚੋਤਾਣ ਪੈਦਾ ਹੋਈ ਹੈ।  ਮੀਟਿੰਗ ’ਚ ਗੁਰਦਾਸਪੁਰ ਉਪ ਚੋਣ ਦਾ ਮੁੱਦਾ ਵੀ ਉਠਿਆ। ਇਸ ਦੌਰਾਨ ਸਵਾਲ ਉੱਠਿਆ ਕਿ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਤੋੜਾ ਖਾਸ ਕਰਕੇ ਸ੍ਰੀ ਮਾਨ ਅਤੇ ਸ੍ਰੀ ਖਹਿਰਾ ਨੇ ਹਾਈਕਮਾਂਡ ਦੀ ਫਾਲਤੂ ਦਖਲਅੰਦਾਜ਼ੀ ਸਿਰ ਝਾੜਿਆ ਸੀ ਪਰ ਹੁਣ ਗੁਰਦਾਸਪੁਰ ਜ਼ਿਮਨੀ ਚੋਣ ਲਈ ਉਮੀਦਵਾਰ ਦੀ ਚੋਣ ਅਤੇ ਪ੍ਰਚਾਰ ਇਨ੍ਹਾਂ ਦੋਵੇਂ ਆਗੂਆਂ ਦੇ ਹੱਥ ਸੀ। ਇਸ ਕਾਰਨ ਇਹ ਗੱਲ ਸਾਬਤ ਹੋ ਗਈ ਹੈ ਕਿ ਦਿੱਲੀ ਦੀ ਲੀਡਰਸ਼ਿਪ ਨੂੰ ਇਸ ਉਪ ਚੋਣ ਤੋਂ ਦੂਰ ਰੱਖਣ ਕਾਰਨ ਹੀ ਸ਼ਰਮਨਾਕ ਹਾਰ ਮਿਲੀ ਹੈ। ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਜ਼ਾਬਤੇ ’ਚ ਰੱਖਣ ਲਈ ਹਾਈਕਮਾਂਡ ਵੱਲੋਂ ਕਿਸੇ ਮਜ਼ਬੂਤ ਆਗੂ ਨੂੰ ਨਿਗਰਾਨ ਨਿਯੁਕਤ ਕੀਤਾ ਜਾਵੇ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਬਾਅਦ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਤੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਕੋਲੋਂ ਪੰਜਾਬ ਦੀਆਂ ਜ਼ਿੰਮੇਵਾਰੀਆਂ ਖੋਹ ਲਈਆਂ ਸਨ। ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਲੜੇ ਉਮੀਦਵਾਰਾਂ ਨੂੰ ਬਿਲਕੁਲ ਹੀ ਅਣਗੌਲਿਆ ਕਰਨ ਦਾ ਵੀ ਨੋਟਿਸ ਲਿਆ ਗਿਆ। ਕੁਝ ਆਗੂਆਂ ਨੇ ਦੋਸ਼ ਲਾਇਆ ਕਿ ਇਕ ਪ੍ਰਮੁੱਖ ਆਗੂ ਦੇ ਰਵੱਈਏ ਕਾਰਨ ਗੁਰਦਾਸਪੁਰ ਦੇ ਕਈ ਸੀਨੀਅਰ ਆਗੂ ਚੋਣ ਪ੍ਰਕਿਰਿਆ ਦੌਰਾਨ ਪਾਰਟੀ ਛੱਡ ਗਏ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਮੀਤ ਪ੍ਰਧਾਨ ਅਮਨ ਅਰੋੜਾ ਕੁਝ ਹੋਰ ਵਿਧਾਇਕਾਂ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੈਸ਼ਨ ਦੀਆਂ ਬੈਠਕਾਂ ਵਧਾਉਣ ਲਈ ਮੈਮੋਰੰਡਮ ਦੇਣ ਗਏ ਸਨ। ਇਸ ਤੋਂ ਇਲਾਵਾ ਭਗਵੰਤ ਮਾਨ ਅਤੇ ਸ੍ਰੀ ਅਰੋੜਾ ਵੱਲੋਂ ਕੁਝ ਵਿਧਾਇਕਾਂ ਸਮੇਤ ਸਾਂਝੇ ਬਿਆਨ ਦਿੱਤੇ ਜਾ ਰਹੇ ਸਨ ਜਦੋਂ ਕਿ ਸ੍ਰੀ ਖਹਿਰਾ ਇਨ੍ਹਾਂ ਮੁੱਦਿਆਂ ’ਤੇ ਆਪਣੇ ਪੱਧਰ ’ਤੇ ਹੀ ਬਿਆਨ ਦੇ ਰਹੇ ਹਨ।

ਕੇਜਰੀਵਾਲ ਵੱਲੋਂ ਖਹਿਰਾ ਤੇ ਮਾਨ ਦੀ ਜਵਾਬ ਤਲਬੀ

‘ਆਪ’ ਦੀ ਪੰਜਾਬ ਇਕਾਈ ਦੇ ਆਗੂਆਂ ਦੀ ਖਿੱਚੋਤਾਣ ਨੂੰ ਮੁੱਖ ਰੱਖਦਿਆਂ ਸ੍ਰੀ ਕੇਜਰੀਵਾਲ ਵੱਲੋਂ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਮੀਤ ਪ੍ਰਧਾਨ ਅਮਨ ਅਰੋੜਾ ਨੂੰ ਅੱਜ ਦਿੱਲੀ ਤਲਬ ਕੀਤਾ ਗਿਆ। ਸੂਤਰਾਂ ਮੁਤਾਬਕ ਸ੍ਰੀ ਕੇਜਰੀਵਾਲ ਨੂੰ ਇਨ੍ਹਾਂ ਆਗੂਆਂ ਦੀ ਆਪਾ-ਧਾਪੀ ਬਾਰੇ ਸੂਚਨਾ ਮਿਲੀ ਸੀ।