ਅੰਮ੍ਰਿਤਸਰ, ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਸੰਜੈ ਸਿੰਘ ਨੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਰਜ ਕਰਾਏ ਮਾਣਹਾਨੀ ਕੇਸ ਵਿੱਚ ਪੇਸ਼ੀ ਭੁਗਤੀ। ਕੇਸ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।
ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਜੈ ਸਿੰਘ ਤੇ ਸੀਨੀਅਰ ਆਗੂ ਅਸ਼ੀਸ਼ ਖੇਤਾਨ ਵਿਰੁੱਧ ਮਾਣਹਾਨੀ ਦਾ ਕੇਸ ਮਈ 2016 ਵਿੱਚ ਦਰਜ ਕਰਾਇਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਨ੍ਹਾਂ ਆਗੂਆਂ ਨੇ ਨਸ਼ਿਆਂ ਦੇ ਮੁੱਦੇ ’ਤੇ ਗ਼ਲਤ ਦੋਸ਼ ਲਾ ਕੇ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿੱਜੀ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਲਈ ਹੋਈ ਹੈ, ਜਦੋਂਕਿ ਅਸ਼ੀਸ਼ ਖੇਤਾਨ ਵੀ ਪੇਸ਼ੀ ਭੁਗਤਣ ਨਹੀਂ ਪੁੱਜੇ। ਉਨ੍ਹਾਂ ਦੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਦਿੱਲੀ ਵਿੱਚ ਜ਼ਿਮਨੀ ਚੋਣ ਦੇ ਇੰਚਾਰਜ ਹਨ, ਜਿਸ ਕਰ ਕੇ ਉਹ ਨਹੀਂ ਆ ਸਕੇ। ਅੱਜ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਜੇਲ੍ਹ ਜਾਣ ਨੂੰ ਤਿਆਰ ਰਹਿਣ। ਉਧਰ, ਸੰਜੈ ਸਿੰਘ ਨੇ ਕਿਹਾ ਕਿ ‘ਆਪ’ ਕਾਨੂੰਨਾਂ ਦੀ ਪਾਲਣਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਅਦਾਲਤੀ ਕਾਰਵਾਈ ਤੋਂ ਭੱਜ ਨਹੀਂ ਰਹੇ। ਜਿਹੜੇ ਦੋਸ਼ ਸ੍ਰੀ ਮਜੀਠੀਆ ’ਤੇ ਲਾਏ ਹਨ, ਉਹ ਤੱਥਾਂ ’ਤੇ ਆਧਾਰਿਤ ਹਨ ਅਤੇ ਉਨ੍ਹਾਂ ਦੇ ਸਹੀ ਦਸਤਾਵੇਜ਼ ਵੀ ਮੌਜੂਦ ਹਨ।
ਇਸ ਮਗਰੋਂ ਸੰਜੈ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨਾ ਤਾਂ ਆਪਣੇ ਵਾਅਦੇ ਮੁਤਾਬਕ ਪੰਜਾਬ ਵਿੱਚੋਂ ਨਸ਼ੇ ਖਤਮ ਕਰ ਸਕੀ ਹੈ ਅਤੇ ਨਾ ਹੀ ਕੋਈ ਚੋਣ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਯੋਗ ਪ੍ਰਸ਼ਾਸਨ ਦੇਣ ਦੇ ਸਮਰੱਥ ਨਹੀਂ ਹੈ। ਕੈਪਟਨ ਸਰਕਾਰ ਇਹੀ ਪਤਾ ਲਾਉਣ ਵਿੱਚ ਸਫ਼ਲ ਨਹੀਂ ਹੋਈ ਕਿ ਪੰਜਾਬ ਵਿੱਚ ਨਸ਼ੇ ਫੈਲਾਉਣ ’ਚ ਕਿਸ ਦਾ ਹੱਥ ਹੈ? ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਕੌਮੀ ਅਤੇ ਪੰਜਾਬ ਦੀ ਲੀਡਰਸ਼ਿਪ ਮਿਲ ਕੇ ਪਾਰਟੀ ਉਮੀਦਵਾਰ ਬਾਰੇ ਫ਼ੈਸਲਾ ਕਰੇਗੀ।