ਬਠਿੰਡਾ, ਬਠਿੰਡਾ ਜੇਲ੍ਹ ਵਿੱਚ ਬੰਦ ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਨੇ ਜੇਲ੍ਹ ਨਾਲੋਂ ਵੱਧ ਦਿਨ ਮੁਹਾਲੀ ਹਸਪਤਾਲ ਵਿੱਚ ਬਿਤਾਏ ਹਨ। ਕਰੀਬ 34 ਦਿਨਾਂ ਤੋਂ ਉਹ ਮੁੜ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੈ। ਬਠਿੰਡਾ ਪੁਲੀਸ ਲਈ ਬਿਪਤਾ ਹੈ ਕਿ ਮੁਹਾਲੀ ਵਿੱਚ ਨਿਰਮਲ ਭੰਗੂ ਨਾਲ ਗਾਰਦ ਭੇਜਣੀ ਪੈਂਦੀ ਹੈ। ਹਾਲਾਂਕਿ ਡੇਰਾ ਵਿਵਾਦ ਕਰ ਕੇ ਮੁਲਾਜ਼ਮਾਂ ਦੀ ਤੋਟ ਸੀ, ਇਸ ਦੇ ਬਾਵਜੂਦ ਚਾਰ ਮੁਲਾਜ਼ਮ ਕਰੀਬ ਸਵਾ ਮਹੀਨੇ ਤੋਂ ਨਿਰਮਲ ਭੰਗੂ ਦੀ ਸੁਰੱਖਿਆ ਵਿੱਚ ਲੱਗੇ ਹੋਏ ਸਨ। ਨਿਰਮਲ ਭੰਗੂ ਬਠਿੰਡਾ ਜੇਲ੍ਹ ਦੀ ਥੋੜ੍ਹੇ ਦਿਨ ਦੀ ਖੜ੍ਹੋਤ ਤੋੜਨ ਮਗਰੋਂ ਮੁੜ ਮੁਹਾਲੀ ਹਸਪਤਾਲ ਚਲੇ ਜਾਂਦੇ ਹਨ। ਅਜਿਹੇ ਹਾਲਾਤ ਵਿੱਚ ਬਠਿੰਡਾ ਪੁਲੀਸ ਹੁਣ ਸੁਰੱਖਿਆ ਦਾ ਖ਼ਰਚਾ ਵੀ ਨਿਰਮਲ ਭੰਗੂ ਤੋਂ ਲੈਣ ਬਾਰੇ ਸੋਚਣ ਲੱਗੀ ਹੈ।
ਵੇਰਵਿਆਂ ਅਨੁਸਾਰ ਪਰਲਜ਼ ਗਰੁੱਪ ਦਾ ਨਿਰਮਲ ਭੰਗੂ 2 ਅਗਸਤ 2017 ਤੋਂ ਆਪਣੇ ਇਲਾਜ ਲਈ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਨਾਲ ਇੱਕ ਹੌਲਦਾਰ ਤੇ ਤਿੰਨ ਸਿਪਾਹੀ ਤਾਇਨਾਤ ਹਨ। ਇਸ ਤੋਂ ਪਹਿਲਾਂ ਉਹ 15 ਅਪਰੈਲ ਤੋਂ 15 ਮਈ ਤੱਕ ਮੁਹਾਲੀ ਹਸਪਤਾਲ ਵਿੱਚ ਰਿਹਾ ਹੈ। ਇਸੇ ਤਰ੍ਹਾਂ ਜਨਵਰੀ ਅਤੇ ਫਰਵਰੀ ਵਿੱਚ ਵੀ ਉਹ ਹਸਪਤਾਲ ਵਿੱਚ ਰਿਹਾ ਹੈ। ਨਿਰਮਲ ਭੰਗੂ 13 ਜੂਨ 2016 ਨੂੰ ਬਠਿੰਡਾ ਜੇਲ੍ਹ ਵਿੱਚ ਆਇਆ ਸੀ ਤੇ ਦੋ ਦਿਨਾਂ ਮਗਰੋਂ ਹੀ ਉਹ ਜੇਲ੍ਹ ’ਚੋਂ ਹਸਪਤਾਲ ਚਲਾ ਗਿਆ। ਸੂਤਰ ਦੱਸਦੇ ਹਨ ਕਿ 2016 ਦੇ ਅਖ਼ੀਰਲੇ ਮਹੀਨਿਆਂ ਵਿੱਚ ਵੀ ਉਸ ਦੇ ਗੇੜੇ ਮੁਹਾਲੀ ਹਸਪਤਾਲ ਦੇ ਰਹੇ ਹਨ। ਕੁਝ ਅਰਸਾ ਪਹਿਲਾਂ ਜਦੋਂ ਨਿਰਮਲ ਭੰਗੂ ਦਾ ਰੌਲਾ ਪੈ ਗਿਆ ਸੀ ਤਾਂ ਸਿਹਤ ਵਿਭਾਗ ਨੇ ਰਾਤੋ-ਰਾਤ ਉਸ ਨੂੰ ਸਰੀਰਕ ਤੌਰ ’ਤੇ ਫਿੱਟ ਐਲਾਨ ਕੇ ਬਠਿੰਡਾ ਜੇਲ੍ਹ ਵਾਪਸ ਭੇਜ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਨਿਰਮਲ ਭੰਗੂ ਦਿਲ ਅਤੇ ਸ਼ੂਗਰ ਦਾ ਮਰੀਜ਼ ਵੀ ਹੈ ਤੇ ਗੁਰਦੇ ਦਾ ਇਲਾਜ ਚੱਲ ਰਿਹਾ ਹੈ। ਅਦਾਲਤ ਵੱਲੋਂ ਉਸ ਨੂੰ ਮੁਹਾਲੀ ਦੇ ਹਸਪਤਾਲ ਵਿੱਚ ਇਲਾਜ ਕਰਾਉਣ ਦੀ ਛੋਟ ਮਿਲੀ ਹੋਈ ਹੈ। ਉਸ ਵੱਲੋਂ ਸਾਰਾ ਇਲਾਜ ਆਪਣੇ ਖ਼ਰਚੇ ’ਤੇ ਕਰਾਇਆ ਜਾ ਰਿਹਾ ਹੈ। ਸੂਤਰ ਆਖਦੇ ਹਨ ਕਿ ਨਿਰਮਲ ਭੰਗੂ ਦੀ ਸਿਹਤ ਠੀਕ ਨਹੀਂ ਸੀ, ਜਿਸ ਕਰ ਕੇ ਉਸ ਨੂੰ ਇਲਾਜ ਲਈ ਮੁਹਾਲੀ ਹਸਪਤਾਲ ਦਾਖ਼ਲ ਕਰਾਉਣਾ ਪਿਆ। ਉਧਰ, ਪਰਲਜ਼ ਗਰੁੱਪ ਦੇ ਪੀੜਤ ਨਿਵੇਸ਼ਕ ਸੜਕਾਂ ’ਤੇ ਘੁੰਮ ਰਹੇ ਹਨ।
ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਨਿਰਮਲ ਭੰਗੂ ਗੁਰਦੇ ਦੀ ਬਿਮਾਰੀ ਦਾ ਇਲਾਜ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਆਪਣੇ ਖ਼ਰਚੇ ’ਤੇ ਕਰਾ ਰਿਹਾ ਹੈ। ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਐਸ.ਪੀ. (ਐਚ) ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੰਮਾ ਸਮਾਂ ਨਿਰਮਲ ਭੰਗੂ ਨਾਲ ਗਾਰਦ ਤਾਇਨਾਤ ਕਰਨੀ ਪਈ ਹੈ। ਉਹ ਨਿਯਮਾਂ ਦੀ ਘੋਖ ਕਰਨ ਮਗਰੋਂ ਨਿਰਮਲ ਭੰਗੂ ਤੋਂ ਸੁਰੱਖਿਆ ਖ਼ਰਚਾ ਲੈਣ ਬਾਰੇ ਸੋਚਣਗੇ।