ਇਸ ਤੋਂ ਪਹਿਲਾਂ ਟੀਮ 1983 ਅਤੇ 2011 ਵਨਡੇ ਵਿਸ਼ਵ ਕੱਪ, 2007 ਅਤੇ 2024 ਟੀ-20 ਵਿਸ਼ਵ ਕੱਪ ਅਤੇ 2002, 2013 ਅਤੇ 2025 ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਚੁੱਕੀ ਹੈ। ਭਾਰਤ ਇਸ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਿਹਾ। ਉਸ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ। ਗਰੁੱਪ ਸੱਟੇਜ ਵਿੱਚ ਬੰਗਲਾਦੇਸ਼, ਪਾਕਿਸਤਾਨ ਅਤੇ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਸੈਮੀਫਾਈਨਲ ਵਿੱਚ ਆਸਟਰੇਲੀਆ ਨੂੰ ਅਤੇ ਫਾਈਨਲ ਵਿੱਚ ਇੱਕ ਵਾਰ ਫਿਰ ਕੀਵੀਆਂ ਨੂੰ ਹਰਾਇਆ।
ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਫਾਈਨਲ ਮੈਚ ‘ਚ 252 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਤੋਂ ਬਾਅਦ ਟੀਮ ਇੰਡੀਆ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਓਪਨਿੰਗ ਜੋੜੀ ਨੇ ਪਹਿਲੇ 10 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 64 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਜਿੱਥੇ ਰੋਹਿਤ ਇੱਕ ਸਿਰੇ ਤੋਂ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਂਦੇ ਰਹੇ, ਉੱਥੇ ਹੀ ਦੂਜੇ ਸਿਰੇ ਤੋਂ ਸ਼ੁਭਮਨ ਗਿੱਲ ਸਾਵਧਾਨੀ ਨਾਲ ਖੇਡਦੇ ਨਜ਼ਰ ਆਏ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ‘ਚ ਗਿੱਲ ਦੇ ਬੱਲੇ ਤੋਂ 31 ਦੌੜਾਂ ਦੀ ਪਾਰੀ ਨਿਕਲੀ। ਸ਼ੁਭਮਨ ਗਿੱਲ ਨੂੰ ਜਿੱਥੇ ਮਿਸ਼ੇਲ ਸੈਂਟਨਰ ਨੇ ਆਪਣਾ ਸ਼ਿਕਾਰ ਬਣਾਇਆ, ਉੱਥੇ ਹੀ ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵਿਰਾਟ ਕੋਹਲੀ ਤੋਂ ਸਾਰਿਆਂ ਨੂੰ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ ਮਾਈਕਲ ਬ੍ਰੇਸਵੈੱਲ ਦੀ ਗੇਂਦ ‘ਤੇ ਸਿਰਫ ਇਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਐਲਬੀਡਬਲਿਊ ਆਊਟ ਹੋ ਗਏ। ਇੱਥੋਂ ਸ਼੍ਰੇਅਸ ਅਈਅਰ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਪਾਰੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਚਿਨ ਰਵਿੰਦਰਾ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਰੋਹਿਤ ਸ਼ਰਮਾ 76 ਦੇ ਨਿੱਜੀ ਸਕੋਰ ‘ਤੇ ਸਟੰਪ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਟੀਮ ਇੰਡੀਆ ਨੇ 122 ਦੇ ਸਕੋਰ ‘ਤੇ ਆਪਣਾ ਤੀਜਾ ਵਿਕਟ ਗੁਆ ਦਿੱਤਾ ਸੀ।
ਜੇਕਰ ਫਾਈਨਲ ਮੈਚ ‘ਚ ਕੀਵੀ ਟੀਮ ਦੇ ਬੱਲੇਬਾਜ਼ੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਡੇਰਿਲ ਮਿਸ਼ੇਲ ਅਤੇ ਮਾਈਕਲ ਬ੍ਰੇਸਵੈੱਲ ਦੇ ਬੱਲੇ ਤੋਂ ਅਰਧ ਸੈਂਕੜੇ ਵਾਲੀ ਪਾਰੀ ਦੇਖਣ ਨੂੰ ਮਿਲੀ। ਡੇਰਿਲ ਮਿਸ਼ੇਲ ਨੇ ਜਿੱਥੇ 63 ਦੌੜਾਂ ਦੀ ਪਾਰੀ ਖੇਡੀ ਉੱਥੇ ਹੀ ਮਾਈਕਲ ਬ੍ਰੇਸਵੈੱਲ ਨੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ ਦੇ ਦਮ ‘ਤੇ ਕੀਵੀ ਟੀਮ ਫਾਈਨਲ ਮੈਚ ‘ਚ 251 ਦੌੜਾਂ ਦੇ ਸਕੋਰ ਤੱਕ ਪਹੁੰਚਣ ‘ਚ ਕਾਮਯਾਬ ਰਹੀ।