ਮੈਲਬਰਨ, 31 ਮਈ
ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ ਭਾਰਤ ਦੌਰੇ ਦੌਰਾਨ ਆਸਟਰੇਲੀਆ ‘ਏ’ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਸਾਲ ਦੇ ਅਖ਼ੀਰ ਵਿੱਚ ਹੋਣ ਵਾਲੇ ਚਾਰ ਰੋਜ਼ਾ ਮੈਚਾਂ ਵਿੱਚ ਉਹ ਟੀਮ ਦੀ ਅਗਵਾਈ ਕਰੇਗਾ, ਜਦਕਿ ਟ੍ਰੈਵਿਸ ਹੈੱਡ ਹੱਥ ਇੱਕ ਰੋਜ਼ਾ ਟੀਮ ਦੀ ਕਮਾਂਡ ਹੋਵੇਗੀ। ਇੱਕ ਰੋਜ਼ਾ ਟੀਮ ਤਿਕੋਣੀ ਲੜੀ ਵਿੱਚ ਹਿੱਸਾ ਲਵੇਗੀ, ਜਿਸ ਵਿੱਚ ਭਾਰਤ ‘ਏ’ ਅਤੇ ਦੱਖਣੀ ਅਫਰੀਕਾ ‘ਏ’ ਟੀਮ ਵਿੱਚ ਹੋਣਗੀਆਂ। ਇਹ ਲੜੀ ਅਗਸਤ ਮਹੀਨੇ ਵਿਜੈਵਾੜਾ ਵਿੱਚ ਖੇਡੀ ਜਾਵੇਗੀ, ਜਦਕਿ ਇਸ ਮਗਰੋਂ ਸਤੰਬਰ ਦੌਰਾਨ ਚਾਰ ਰੋਜ਼ਾ ਮੈਚ ਖੇਡੇ ਜਾਣਗੇ।
ਮਾਰਸ਼ ਨੂੰ ਭਵਿੱਖ ਦਾ ਟੈਸਟ ਕਪਤਾਨ ਮੰਨਿਆ ਜਾ ਰਿਹਾ ਹੈ। ਜਿਸ ਟੀਮ ਦੀ ਉਹ ਅਗਵਾਈ ਕਰੇਗਾ, ਉਸ ਵਿੱਚ ਅਲੈਕਸ ਕੇਰੀ, ਐਸ਼ਟਨ ਐਗਰ, ਪੀਟਰ ਹੈਂਡਸਕਾਂਬ, ਟ੍ਰੈਵਿਸ ਹੈੱਡ, ਜਾਨ ਹਾਲੈਂਡ, ਉਸਮਾਨ ਖ਼ਵਾਜਾ, ਜੋਏਲ ਪੈਰਿਸ, ਮੈਥਿਊ ਰੈਨਸ਼ਾਅ ਅਤੇ ਕ੍ਰਿਸ ਟ੍ਰੈਮੇਨ ਵਰਗੇ ਖਿਡਾਰੀ ਮੌਜੂਦ ਹਨ। ਆਪਣੇ ਸਮੇਂ ਦੇ ਮਹਾਨ ਖਿਡਾਰੀ ਐਡਮ ਗਿਲਕ੍ਰਿਸਟ ਨੇ ਮਾਰਸ਼ ਨੂੰ ਕੌਮੀ ਟੀਮ ਦਾ ਉਪ ਕਪਤਾਨ ਬਣਾਉਣ ਦੀ ਵਕਾਲਤ ਕੀਤੀ ਹੈ, ਜਿਸ ਦੀ ਕਮਾਨ ਟਿਮ ਪੇਨ ਦੇ ਹੱਥਾਂ ਵਿੱਚ ਹੈ। ਭਾਰਤ ‘ਏ’ ਖ਼ਿਲਾਫ਼ ਦੋ ਸਤੰਬਰ ਤੋਂ ਵਿਸ਼ਾਖਾਪਟਨਮ ਵਿੱਚ ਹੋਣ ਵਾਲੇ ਦੋ ਮੈਚਾਂ ਵਿੱਚ 26 ਸਾਲਾ ਮਾਰਸ਼ ਕੋਲ ਆਪਣਾ ਹੁਨਰ ਵਿਖਾਉਣ ਦਾ ਵਧੀਆ ਮੌਕਾ ਹੈ।
ਆਸਟਰੇਲੀਆ ਦੇ ਕੌਮੀ ਚੋਣਕਾਰ ਟ੍ਰੈਵਰ ਹੌਂਜ਼ ਨੇ ਕਿਹਾ, ‘‘ਅਸੀਂ ਭਵਿੱਖ ਦੀਆਂ ਆਸਟਰੇਲਿਆਈ ਟੀਮਾਂ ਲਈ ਅਗਵਾਈ ਕਰਨ ਵਾਲੇ ਦੀ ਭਾਲ ਵਿੱਚ ਹਾਂ ਅਤੇ ਟ੍ਰੈਵਿਸ, ਮਿਸ਼ੇਲ ਅਤੇ ਅਲੈਕਸ ਸਾਰੇ ਪ੍ਰਭਾਵਸ਼ਾਲੀ ਨੌਜਵਾਨ ਹਨ।’’ ਇਹ ਦੌਰਾ ਆਸਟਰੇਲੀਆ ਲਈ ਪਾਕਿਸਤਾਨ ਖ਼ਿਲਾਫ਼ ਯੂਏਈ ਵਿੱਚ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਹੈ।
ਆਸਟਰੇਲੀਆ ਤੇ ਸਕਾਟਲੈਂਡ ਖ਼ਿਲਾਫ਼ ਇੰਗਲਿਸ਼ ਟੀਮ ਵਿੱਚ ਮੌਰਗਨ ਸ਼ਾਮਲ
ਲੰਡਨ: ਇੰਗਲੈਂਡ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਇਯੋਨ ਮੌਰਗਨ ਨੂੰ ਉਂਗਲ ’ਤੇ ਫਰੈਕਚਰ ਦੇ ਬਾਵਜੂਦ ਸਕਾਟਲੈਂਡ ਅਤੇ ਆਸਟਰੇਲੀਆ ਖ਼ਿਲਾਫ਼ ਹੋਣ ਵਾਲੇ ਇੱਕ ਰੋਜ਼ਾ ਮੈਚਾਂ ਲਈ ਟੀਮ ਵਿੱਚ ਲਿਆ ਗਿਆ ਹੈ। ਮਿਡਲਸੈਕਸ ਵੱਲੋਂ ਸਮਰਸੈੱਟ ਖ਼ਿਲਾਫ਼ 27 ਮਈ ਨੂੰ ਟਾਟਨ ਗਰਾਉਂਡ ਵਿੱਚ ਖੇਡੇ ਗਏ ਮੈਚ ਦੌਰਾਨ ਮੌਰਗਨ ਦੀ ਸੱਜੀ ਉਂਗਲ ’ਤੇ ਸੱਟ ਲੱਗ ਗਈ। ਜਾਂਚ ਦੌਰਾਨ ਇਸ ਵਿੱਚ ਫਰੈਕਚਰ ਆਇਆ ਹੈ। ਸੱਟ ਕਾਰਨ ਮੌਰਗਨ 31 ਮਈ ਨੂੰ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲਾ ਟੀ-20 ਮੈਚ ਨਹੀਂ ਖੇਡ ਰਿਹਾ। ਉਸ ਨੇ ਇਸ ਮੈਚ ਵਿੱਚ ਵਿਸ਼ਵ ਇਲੈਵਨ ਟੀਮ ਦੀ ਕਪਤਾਨੀ ਕਰਨੀ ਸੀ। ਹਾਲਾਂਕਿ ਉਹ ਦਸ ਜੂਨ ਨੂੰ ਸਕਾਟਲੈਂਡ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਟੀਮ ਦੀ ਕਮਾਨ ਸੰਭਾਲੇਗਾ। ਇਸ ਮਗਰੋਂ ਟੀਮ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੇਗੀ।