ਚੰਡੀਗੜ, 23 ਸਤੰਬਰ 2017
ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਮੁਫ਼ਤ ਬਿਜਲੀ ਸਪਲਾਈ ਦੀ ਥਾਂ ਮੀਟਰ ਆਧਾਰਿਤ ਬਿਲ ਪ੍ਰਣਾਲੀ ਅਧੀਨ ਦੇਣ ਦੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਸਾਬਤ ਹੋਈ ਹੈ।
ਅੱਜ ਇੱਥੇ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ ਮੁਆਫ਼ ਕਰਨ ਤੋਂ ਭੱਜੀ ਕੈਪਟਨ ਸਰਕਾਰ ਹੁਣ ਉਹ ਕਿਸਾਨੀ ਦਾ ਗਲ਼ਾ ਘੁੱਟਣ ‘ਤੇ ਉਤਰ ਆਈ ਹੈ। ਮਾਨ ਨੇ ਕਿਹਾ ਕਿ ‘ਸੱਤਾ ਸੰਭਾਲਦਿਆਂ ਹੀ ‘ਰਾਜੇ‘ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਹੈ। ਪਿਛਲੀ ਸਰਕਾਰ ਮੌਕੇ ਵੀ ਕੈਪਟਨ ਨੇ ਟਿਊਬਵੈੱਲ ਕੁਨੈਕਸ਼ਨਾਂ (ਮੋਟਰਾਂ) ‘ਤੇ ਬਿਲ ਲਗਾ ਕੇ ਕਿਸਾਨੀ ਨਾਲ ਧ੍ਰੋਹ ਕਮਾਇਆ ਸੀ, ਉਹੀ ਧੋਖਾ ਮੁੜ ਦੁਹਰਾਇਆ ਜਾਣ ਲੱਗਾ ਹੈ। ਪਰ ਆਮ ਆਦਮੀ ਪਾਰਟੀ ਜਨਤਾ ਦੇ ਸਹਿਯੋਗ ਨਾਲ ਰਾਜੇ ਦੇ ਨੱਕ ‘ਚ ਦਮ ਕਰ ਦੇਵੇਗੀ।‘
ਭਗਵੰਤ ਮਾਨ ਨੇ ਕਿਹਾ ਕਿ ਪਟਿਆਲੇ ਦਾ ਇਹ ਸ਼ਾਹੀ ਘਰਾਣਾ ਕਦੇ ਵੀ ਗ਼ਰੀਬਾਂ ਤੇ ਕਾਸ਼ਤਕਾਰਾਂ ਦਾ ਮਿੱਤ ਨਹੀਂ ਹੋਇਆ। ਹੈਰਾਨੀ ਦੀ ਗੱਲ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਅਤੇ ਉਨਾਂ ਦੇ ‘ਗੁਰਗਿਆਂ‘ ‘ਤੇ ਤਾਂ ਮਿਹਰਬਾਨ ਹਨ ਪਰ ਪੰਜਾਬ ਅਤੇ ਪੰਜਾਬੀਆਂ ਨੂੰ ਹੀ ਭੁੱਲ ਗਏ। ਬੜੇ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੱਲ ਸ਼ੁੱਕਰਵਾਰ ਨੂੰ ਗੁਰਦਾਸਪੁਰ ‘ਚ ਦਿਖਾਈ ਦਿੱਤੇ ਹਨ।
ਮੁੱਖ ਮੰਤਰੀ ਦਾ ਪੰਜਾਬ ਦੀ ਸਰਜਮੀਂ ‘ਤੇ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਅਮਰਿੰਦਰ ਸਿੰਘ ਨੂੰ ਸਮੁੱਚੇ ਕਿਸਾਨੀ ਕਰਜ਼ਿਆਂ ‘ਤੇ ਲੀਕ ਮਾਰਨ, ਘਰ-ਘਰ ਸਰਕਾਰੀ ਨੌਕਰੀ, ਬੇਰੁਜ਼ਗਾਰਾਂ ਨੂੰ ਨੌਕਰੀ ਨਾ ਮਿਲਣ ਤੱਕ ਮਹੀਨਾਵਾਰ ਬੇਰੁਜ਼ਗਾਰੀ ਭੱਤਾ, ਨੌਜਵਾਨਾਂ ਨੂੰ ਸਮਾਰਟ ਫ਼ੋਨ, ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਰਗੇ ਚੋਣ ਵਾਅਦਿਆਂ ਦਾ ਹਿਸਾਬ ਪੰਜਾਬ ਅਤੇ ਗੁਰਦਾਸਪੁਰ ਦੀ ਜਨਤਾ ਅੱਗੇ ਰੱਖਣ ਲਈ ਕਿਹਾ।
ਮਾਨ ਨੇ ਕਿਹਾ ਕਿ ਵਾਅਦਿਆਂ ਤੋਂ ਮੁੱਕਰਨ ‘ਚ ਕੈਪਟਨ ਅਮਰਿੰਦਰ ਸਿੰਘ ਨੇ ‘ਜੁਮਲੇਬਾਜ‘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜਿਵੇਂ ਭਾਜਪਾ ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਖਾਤੇ ‘ਚ ਪੈਸੇ ਜਮਾਂ ਕਰਨ ਅਤੇ ਫ਼ਸਲਾਂ ਦੇ ਭਾਅ ਲਈ ਡਾ. ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਤੋਂ ਭੱਜ ਗਈ, ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਭੱਜੇ ਹਨ, ਬਲਕਿ ਪੰਜਾਬ ਤੋਂ ਵੀ ਭਗੌੜੇ ਚੱਲ ਰਹੇ ਹਨ। ਜਿਸ ਦਾ ਹਿਸਾਬ ਲੋਕ ਗੁਰਦਾਸਪੁਰ  ਉਪ ਚੋਣ ‘ਚ ਹੀ ਲੈ ਲੈਣਗੇ।