ਚੰਡੀਗੜ੍ਹ/ਲਖਨਊ, ਉੱਤਰ ਪ੍ਰਦੇਸ਼ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਬੱਬਰ ਖ਼ਾਲਸਾ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਟੀਐਸ ਦੇ ਆਈਜੀ ਅਸੀਮ ਅਰੁਣ ਨੇ ਅੱਜ ਦੱਸਿਆ ਕਿ ਜਸਵੰਤ ਸਿੰਘ ਉਰਫ਼ ਕਾਲਾ ਨੂੰ ਬੁੱਧਵਾਰ ਦੇਰ ਰਾਤ ਉਨਾਓ ਇਲਾਕੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਆਈਜੀ ਮੁਤਾਬਕ ਕੱਲ ਦਿਨ ’ਚ ਐਸ਼ਬਾਗ ਇਲਾਕੇ ’ਚੋਂ ਫੜੇ ਗਏ ਬੱਬਰ ਖ਼ਾਲਸਾ ਦੇ ਕਾਰਕੁਨ ਬਲਵੰਤ ਸਿੰਘ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਦੇ ਆਧਾਰ ’ਤੇ ਜਸਵੰਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਜਸਵੰਤ ਸਿੰਘ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਉਸ ਨੂੰ ਉਨਾਓ ਪੁਲੀਸ ਸਟੇਸ਼ਨ ਇਲਾਕੇ ਅਧੀਨ ਪੈਂਦੇ ਸੋਹਰਾਮਊ ’ਚ ਭੱਲਾ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਫੜਿਆ ਗਿਆ ਜਿਥੇ ਉਹ ਪਿਛਲੇ ਦੋ ਕੁ ਸਾਲਾਂ ਤੋਂ ਠਹਿਰਿਆ ਹੋਇਆ ਸੀ।
ਜਸਵੰਤ ਸਿੰਘ ਹੱਤਿਆ ਸਮੇਤ ਕਈ ਕੇਸਾਂ ’ਚ ਰਾਜਸਥਾਨ ਅਤੇ ਪੰਜਾਬ ਪੁਲੀਸ ਨੂੰ ਲੋੜੀਂਦਾ ਹੈ। ਨਵਾਂਸ਼ਹਿਰ ਦੇ ਵਸਨੀਕ ਬਲਵੰਤ ਸਿੰਘ ਨੂੰ ਪੰਜਾਬ ਪੁਲੀਸ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਸ੍ਰੀ ਅਰੁਣ ਨੇ ਦੱਸਿਆ ਕਿ ਬਲਵੰਤ ਦੇ ਟਿਕਾਣੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪੰਜਾਬ ਪੁਲੀਸ ਨੇ ਦਹਿਸ਼ਤੀ ਜਥੇਬੰਦੀ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲੀਸ ਇਨ੍ਹਾਂ ਖਾੜਕੂਆਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਪੰਜਾਬ ਲੈ ਕੇ ਆਏਗੀ।