ਜਲਾਲਾਬਾਦ, 31 ਅਗਸਤ
ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਬਟਾਲੀਅਨ-2 ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਪੋਸਟ ਸ਼ਮਸ਼ ਕੇ ਤੋਂ 10 ਕਿਲੋ 740 ਗ੍ਰਾਮ ਵਜ਼ਨ ਹੈਰੋਇਨ ਦੇ 10 ਪੈਕਟ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਬੀਐਸਐਫ ਅਬੋਹਰ ਦੇ ਡੀਆਈਜੀ ਹੈੱਡਕੁਆਰਟਰ ਮਧੂਸੂਦਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਸਵੇਰੇ 5 ਵਜੇ ਸਰਹੱਦ ’ਤੇ ਗਸ਼ਤ ਕਰ ਰਹੇ ਬੀਐਸਐਫ ਦੇ ਜਵਾਨਾਂ ਨੂੰ ਪਿੰਡ ਸ਼ਮਸ਼ ਕੇ ਪੋਸਟ ਨਜ਼ਦੀਕ ਕੁਝ ਸ਼ੱਕੀ ਆਵਾਜ਼ਾਂ ਸੁਣਾਈ ਦਿੱਤੀਆਂ, ਪ੍ਰੰਤੂ ਮੌਸਮ ਦੀ ਖ਼ਰਾਬੀ ਕਾਰਨ ਜਵਾਨ ਕੁਝ ਸਮਝ ਨਾ ਸਕੇ। ਜਵਾਨਾਂ ਵੱਲੋਂ ਜਦੋਂ ਇਲਾਕੇ ਵਿੱਚ ਮੁਸਤੈਦੀ ਨਾਲ ਜਾਂਚ ਕੀਤੀ ਗਈ ਤਾਂ ਉਥੋਂ ਪਾਕਿਸਤਾਨ ਵੱਲੋਂ ਸੁੱਟੀ ਗਈ ਕਰੀਬ 10 ਕਿਲੋ 740 ਗ੍ਰਾਮ ਹੈਰੋਇਨ ਦੇ 10 ਪੈਕਟ ਮਿਲੇ। ਡੀਆਈਜੀ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੀਬ 53 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਫਰੰਟੀਅਰ ਦੇ ਆਈਜੀ ਮੁਕਲ ਗੋਇਲ ਦੀ ਅਗਵਾਈ ਹੇਠ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜੀ ਜਾਣ ਵਾਲੀ ਨਸ਼ੇ ਦੀ ਖੇਪ ਖਿਲਾਫ਼ ਸਖ਼ਤ ਕਾਰਵਾਈ ਆਰੰਭੀ ਹੋਈ ਹੈ ਅਤੇ ਜਵਾਨਾਂ ਵੱਲੋਂ ਲਗਾਤਾਰ ਗਸ਼ਤ ਕਰਕੇ ਸਰਹੱਦ ਪਾਰ ਹੋਣ ਵਾਲੀਆਂ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।