ਬਠਿੰਡਾ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁੱਦਾ ਉਠਾਇਆ ਹੈ ਕਿ ਬਠਿੰਡਾ ਥਰਮਲ ਮਹਿਜ਼ ਇੱਕ ਬਿਜਲੀ ਪ੍ਰਾਜੈਕਟ ਨਹੀਂ, ਬਲਕਿ ਪਹਿਲੇ ਪਾਤਸ਼ਾਹ ਨਾਲ ਜੁੜੀ ਯਾਦਗਾਰ ਹੈ ਤੇ ਇਸ ਥਰਮਲ ਨੂੰ ਬੰਦ ਕਰਨਾ ਪਹਿਲੇ ਪਾਤਸ਼ਾਹ ਦੀ ਯਾਦਗਾਰ ਮਿਟਾਉਣ ਬਰਾਬਰ ਹੋਵੇਗਾ।
ਪ੍ਰੋ. ਬਡੂੰਗਰ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਲਕੇ ਬਠਿੰਡਾ ਥਰਮਲ ਦੇ ਪੱਖ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਮੌਕੇ ਪੰਜਾਬ ਵਿੱਚ ਸਮੇਂ-ਸਮੇਂ ’ਤੇ ਵੱਡੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬਠਿੰਡਾ ਥਰਮਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਤਾਬਦੀਆਂ ਨਾਲ ਜੁੜੇ ਪ੍ਰਾਜੈਕਟ ਯਾਦਗਾਰ ਤੋਂ ਵੀ ਵੱਧ ਹੁੰਦੇ ਹਨ ਤੇ ਇਨ੍ਹਾਂ ਨੂੰ ਕਾਇਮ ਰੱਖਣਾ ਸਭ ਦਾ ਨੈਤਿਕ ਫ਼ਰਜ਼ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਠਿੰਡਾ ਥਰਮਲ ਬਚਾਉਣ ਦੀ ਹਮਾਇਤ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਵੱਡੇ ਕਾਰਨ ਤੋਂ ਥਰਮਲ ਨੂੰ ਬੰਦ ਕਰਨਾ ਮੰਦਭਾਗਾ ਕਦਮ ਹੈ।
ਇਸ ਦੌਰਾਨ ਬਠਿੰਡਾ ਥਰਮਲ ਦੀ ਐਂਪਲਾਈਜ਼ ਤਾਲਮੇਲ ਕਮੇਟੀ ਨੇ ਅੱਜ ਥਰਮਲ ਕਲੋਨੀ ਵਿਚਲੇ ਗੁਰਦੁਆਰੇ ਵਿੱਚ ਗੁਰਪੁਰਬ ਮਨਾਇਆ। ਇਸ ਮੌਕੇ ਮੁਲਾਜ਼ਮਾਂ ਨੇ ਬਠਿੰਡਾ ਥਰਮਲ ਦੀ ਹੋਂਦ ਲਈ ਅਰਦਾਸ ਕੀਤੀ। ਕਮੇਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਨੇ ਕਿਹਾ ਕਿ ਗੁਰਪੁਰਬ ਮੌਕੇ ਤਾਪ ਬਿਜਲੀ ਘਰ ਦੀ ਸਲਾਮਤੀ ਲਈ ਅਰਜ਼ੋਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬਠਿੰਡਾ ਥਰਮਲ ਵਿੱਚ ਕਰੀਬ 728 ਕੱਚੇ ਮੁਲਾਜ਼ਮ ਕੰਮ ਕਰਦੇ ਹਨ, ਜਿਨ੍ਹਾਂ ਨੂੰ ਇਸ ਥਰਮਲ ਦੇ ਬੰਦ ਹੋਣ ਨਾਲ ਰੋਟੀ ਲਈ ਲਾਲੇ ਪੈ ਜਾਣਗੇ।