ਫਰੀਦਕੋਟ: ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਬੁੱਧਵਾਰ ਦੁਪਹਿਰ ਇੱਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਨੰਦ ਕਾਰਜ ਦੀ ਰਸਮ ਚੱਲ ਰਹੀ ਸੀ ਅਤੇ ਪੁਲਿਸ ਨੇ ਲਾੜੀ ਦੇ ਧਰਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦਾ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੌਰਾਨ ਪੁਲਿਸ ਅਤੇ ਪਰਿਵਾਰ ਵਿਚਾਲੇ ਧੱਕਾਮੁੱਕੀ ਵੀ ਹੋਈ।
ਗ੍ਰਿਫ਼ਤਾਰੀ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਪੁਲਿਸ ਦੀ ਗੱਡੀ ਦੇ ਅੱਗੇ ਲੇਟ ਗਿਆ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਘੜੀਸ ਕੇ ਰਸਤੇ ਤੋਂ ਹਟਾਇਆ ਅਤੇ ਧਰਮ ਪਿਤਾ ਨੂੰ ਆਪਣੇ ਨਾਲ ਲੈ ਗਏ। ਇਸ ਦੌਰਾਨ ਹੋਈ ਹੱਥੋਪਾਈ ਵਿੱਚ ਇੱਕ ਪੁਲਿਸ ਕਰਮਚਾਰੀ ਦੇ ਹੱਥ ਵਿੱਚ ਪਿਸਤੌਲ ਵੀ ਦਿਖਾਈ ਦਿੱਤੀ।
ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਲਾੜੀ ਦਾ ਹੱਥ ਵੀ ਮਰੋੜਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਪਰਿਵਾਰ ਨੇ ਕੀ ਦੱਸਿਆ?
ਲਾੜੀ ਦੇ ਭਰਾ ਮੁਤਾਬਕ, ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ, ਜਦੋਂ ਕੁਝ ਵਿਅਕਤੀ ਮੌਕੇ ’ਤੇ ਪਹੁੰਚੇ। ਪਰਿਵਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚ ਕੁਝ ਲੋਕ ਸਿਵਲ ਕੱਪੜਿਆਂ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਗਿੱਦੜਬਾਹਾ ਪੁਲਿਸ ਨਾਲ ਸਬੰਧਤ ਦੱਸਿਆ।
ਪਰਿਵਾਰ ਨੇ ਦੱਸਿਆ ਕਿ ਪੁਲਿਸ ਧਰਮ ਪਿਤਾ ਨੂੰ ਟਰਾਂਸਫਾਰਮਰਾਂ ਅਤੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਦੱਸ ਕੇ ਵਿਆਹ ਸਮਾਗਮ ਵਿੱਚੋਂ ਲੈ ਗਈ। ਪਰਿਵਾਰ ਨੇ ਪੁਲਿਸ ਨੂੰ ਬੇਨਤੀ ਕੀਤੀ ਸੀ ਕਿ ਪਹਿਲਾਂ ਵਿਆਹ ਦੀ ਰਸਮ ਪੂਰੀ ਹੋਣ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਉਹ ਖੁਦ ਥਾਣੇ ਪੇਸ਼ ਹੋ ਜਾਣਗੇ, ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ।
ਪੁਲਿਸ ਨੇ ਦੱਸਿਆ ਗ੍ਰਿਫ਼ਤਾਰੀ ਦਾ ਕਾਰਨ
ਥਾਣਾ ਗਿੱਦੜਬਾਹਾ ਦੇ ਇੰਚਾਰਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਗਰੀਬ ਸਿੰਘ ਉਰਫ਼ ਰਾਜੂ ਖ਼ਿਲਾਫ਼ ਟਰਾਂਸਫਾਰਮਰ ਅਤੇ ਮੋਟਰ ਚੋਰੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਹੈ। ਪੁਲਿਸ ਮੁਤਾਬਕ ਇਸ ਗਿਰੋਹ ਦੇ ਪੰਜ ਮੈਂਬਰ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਿੰਡ ਸੰਧਵਾਂ ਦੇ ਵਿਆਹ ਸਮਾਗਮ ਵਿੱਚ ਮੌਜੂਦ ਹੈ। ਇਸ ਤੋਂ ਬਾਅਦ ਟੀਮ ਨੇ ਉੱਥੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸਪੱਸ਼ਟ ਕੀਤਾ ਕਿ ਗ੍ਰਿਫ਼ਤਾਰ ਵਿਅਕਤੀ ਲਾੜੀ ਦਾ ਅਸਲ ਪਿਤਾ ਨਹੀਂ, ਸਗੋਂ ਧਰਮ ਪਿਤਾ ਹੈ।
ਪੁਲਿਸ ਨੇ ਪਰਿਵਾਰ ਵੱਲੋਂ ਲਾਏ ਕੁੱਟਮਾਰ ਦੇ ਦੋਸ਼ਾਂ ਨੂੰ ਵੀ ਨਕਾਰਿਆ ਅਤੇ ਕਿਹਾ ਕਿ ਪੁਲਿਸ ਵੱਲੋਂ ਕੋਈ ਮਾਰਪੀਟ ਨਹੀਂ ਕੀਤੀ ਗਈ, ਬਲਕਿ ਪਰਿਵਾਰਕ ਮੈਂਬਰਾਂ ਨੇ ਪੁਲਿਸ ਨਾਲ ਹੱਥੋਪਾਈ ਕੀਤੀ।
