ਮਾਨਸਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ, ਸ਼ਰ੍ਹੇਆਮ ਲੁੱਟਾਂ-ਖੋਹਾਂ ਤੇ ਕਤਲ ਹੋ ਰਹੇ ਹਨ ਅਤੇ ਅਕਾਲੀ ਵਰਕਰਾਂ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਸ਼ਰ੍ਹੇਆਮ ਚਿੱਟਾ ਵਿਕ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਆਰੰਭੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅਦਾਇਗੀ ਰੋਕ ਕੇ ਬਰੇਕਾਂ ਲਾ ਦਿੱਤੀਆਂ ਹਨ।
ਸ੍ਰੀਮਤੀ ਬਾਦਲ ਅੱਜ ਇੱਥੇ ਪਿੰਡ ਨੰਗਲ ਕਲਾਂ ਦੇ ਵਸਨੀਕ ਬੀਐੱਸਐੱਫ ਦੇ ਏਐੱਸਆਈ ਜਵਾਨ ਕਮਲਜੀਤ ਸਿੰਘ, ਜੋ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਸੀ, ਦੇ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਬਜ਼ਬਾਗ਼ ਵਿਖਾਕੇ ਭਾਵੇਂ ਕਾਂਗਰਸੀਆਂ ਨੇ ਸੱਤਾ ਹਾਸਲ ਕਰ ਲਈ ਹੈ, ਪਰ ਛੇ ਮਹੀਨਿਆਂ ਵਿੱਚ ਹੀ ਕਾਂਗਰਸ ਅਤੇ ‘ਆਪ’ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅੱਜ ਪੰਜਾਬ ਵਿੱਚ ਮੁੜ ਚੋਣਾਂ ਕਰਵਾਈਆਂ ਜਾਣ ਤਾਂ ਮੁੱਖ ਮੰਤਰੀ ਸਮੇਤ ਸਾਰੇ ਵਜ਼ੀਰਾਂ ਅਤੇ ਵਿਧਾਇਕਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਉਨ੍ਹਾਂ ਗੁਰਦਾਸਪੁਰ ਦੀ ਲੋਕ ਸਭਾ ਚੋਣ ਵਿੱਚ ਅਕਾਲੀ-ਭਾਜਪਾ ਉਮੀਦਵਾਰ ਦੀ ਜਿੱਤ ਹੋਣ ਦੀ ਭਵਿੱਖਬਾਣੀ ਕੀਤੀ।
ਇਸ ਮੌਕੇ ਸ੍ਰੀਮਤੀ ਬਾਦਲ ਨੇ ਕਿਹਾ ਕਿ ਸ਼ਹੀਦ ਕਮਲਜੀਤ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਬੰਦੋਬਸਤ ਉਹ ਆਪ ਕਰਨਗੇ। ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਸ਼ਹੀਦ ਦੀ ਯਾਦ ਵਿੱਚ ਗੇਟ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਰਿਵਾਰ ਨੇ ਹਰਸਿਮਰਤ ਬਾਦਲ ਨੂੰ ਸ਼ਹੀਦ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਦਸਤਾਵੇਜ਼ ਵੀ ਸੌਂਪੇ।