ਚੰਡੀਗੜ੍ਹ, 19 ਮਾਰਚ: ਆਜ਼ਾਦੀ ਸੰਘਰਸ਼, ਭਾਰਤ-ਪਾਕਿ ਜੰਗਾਂ ਅਤੇ ਅਤਿਵਾਦ ਖਿਲਾਫ ਜਿੱਤੀ ਲੜਾਈ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਵਿੱਚ ਵੀ ਪੰਜਾਬ ਸਫਲਤਾ ਹਾਸਲ ਕਰ ਕੇ ਆਪਣੇ ਗੌਰਵਮਈ ਇਤਿਹਾਸ ਨੂੰ ਦੁਹਰਾਏਗਾ ਅਤੇ ਇਕ ਵਾਰ ਫੇਰ ਸੂਬਾ ਦੁਨੀਆਂ ਲਈ ਮਿਸਾਲ ਬਣ ਕੇ ਉਭਰੇਗਾ।
ਸ. ਰੰਧਾਵਾ ਨੇ ਵੀਰਵਾਰ ਨੂੰ ਇਥੇ ਸੂਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕਰਵਾਏ ਜਾ ਰਹੇ ਸੰਮੇਲਨ ਦੌਰਾਨ ‘ਨਸ਼ਿਆਂ ਖਿਲਾਫ ਜੰਗ ਅਤੇ ਭਵਿੱਖੀ ਚੁਣੌਤੀ’ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਲਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ.) ਦਾ ਗਠਨ ਕੀਤਾ ਅਤੇ ਕਈ ਨਸ਼ਾ ਰੋਕੂ ਮੁਹਿੰਮਾਂ ਦਾ ਆਗਾਜ਼ ਕੀਤਾ ਜਿਸ ਦੇ ਅੱਜ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਰਾਜਸੀ ਮਨਸ਼ਾ ਹੋਵੇ ਅਤੇ ਲੋਕਾਂ ਦਾ ਸਹਿਯੋਗ ਹੋਵੇ ਤਾਂ ਹਰ ਲੜਾਈ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੱਬੇਵਿਆਂ ਵਿੱਚ ਪੰਜਾਬ ਨੇ ਇਸੇ ਦ੍ਰਿੜ ਇਰਾਦੇ ਨਾਲ ਅਤਿਵਾਦ ਖਿਲਾਫ ਲੜਾਈ ਜਿੱਤੀ ਸੀ। ਉਨ੍ਹਾਂ ਮੀਡੀਆ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਨੂੰ ਨਾਇਕ ਵਜੋਂ ਨਾ ਦਿਖਾਉਣ ਅਤੇ ਨਾ ਦੇਖਣ ਸਗੋਂ ਇਨ੍ਹਾਂ ਨੂੰ ਗੈਰ ਸਮਾਜੀ ਤੱਤਾਂ ਵਜੋਂ ਹੀ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਮਾੜੇ ਸਾਸ਼ਨ ਨਾਲ ਮੌਜੂਦਾ ਸਰਕਾਰ ਨੂੰ ਜੂਝਣਾ ਪਿਆ। ਉਨ੍ਹਾਂ ਕੇਂਦਰ ਸਰਕਾਰ ਅੱਗੇ ਵੀ ਮੰਗ ਰੱਖੀ ਕਿ ਉਹ ਜੇਲ੍ਹਾਂ ਦੀ ਮਜ਼ਬੂਤੀ ਲਈ ਫੰਡ ਦੇਣ ਕਿਉਂਕਿ ਜੇਲ੍ਹਾਂ ਵਿੱਚ 50 ਫੀਸਦੀ ਤੋਂ ਵੱਧ ਕੈਦੀ ਨਾਰਕੋ/ਐਨ.ਡੀ.ਪੀ.ਐਸ. ਕੇਸਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੀ ਜੇਲ੍ਹ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਅਤੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਕਿਸੇ ਅਹਾਰੇ ਲਾਉਣ ਦੀ ਯੋਜਨਾ ਉਲੀਕੀ ਗਈ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ।
ਸੂਬਾ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸ. ਰੰਧਾਵਾ ਨੇ ਅੰਕੜੇ ਪੇਸ਼ ਕਰਦੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ 42,571 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਵੱਲੋਂ 974.15 ਕਿਲੋਗ੍ਰਾਮ ਹੈਰੋਇਨ ਜ਼ਬਤ ਕਰ ਕੇ 34, 373 ਐਨ.ਡੀ.ਪੀ.ਐਸ. ਕੇਸ ਦਰਜ ਹੋਏ ਹਨ। ਐਸ.ਟੀ.ਐਫ. ਵੱਲੋਂ ਅੰਮ੍ਰਿਤਸਰ ਵਿੱਚ 197 ਕਿਲੋ ਗ੍ਰਾਮ ਹੈਰੋਇਨ ਫੜਨ ਸਮੇਤ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ।
ਐਸ.ਟੀ.ਐਫ. ਦੇ ਮੁਖੀ ਏ.ਡੀ.ਜੀ.ਪੀ. ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਆਉਂਦੇ ਸਮੇਂ ਵਿੱਚ ਹੋਰ ਰਫ਼ਤਾਰ ਫੜੇਗੀ ਅਤੇ ਇਸ ਦੇ ਬੇਮਿਸਾਲ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਗ੍ਰਸਤ ਵਿਅਕਤੀ ਦਾ ਜੀਵਨ ਮੁੜ ਲੀਹ ਉਤੇ ਲਿਆਉਣ ਲਈ ਉਸ ਦੇ ਮੁੜ ਵਸੇਬੇ ਲਈ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਟੀ.ਐਫ. ਦੇ ਕੰਮਕਾਜ ਵਿੱਚ ਕੋਈ ਰਾਜਸੀ ਦਖਲ ਨਹੀਂ ਹੈ ਜਿਸ ਕਾਰਨ ਇਸ ਦੇ ਹੋਰ ਵੀ ਵਧੀਆ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 193 ਓਟ ਕਲੀਨਿਕ ਸਥਾਪਤ ਕੀਤੇ ਹਨ ਜੋ ਨਸ਼ਾ ਪੀੜਤਾਂ ਨੂੰ ਮੁਫਤ ਨਿਯਮਤ ਇਲਾਜ ਮੁਹੱਈਆ ਕਰਵਾ ਰਹੇ ਹਨ। ਇਸ ਸਮੇਂ ਸੂਬੇ ਵਿੱਚ 3 ਲੱਖ 70 ਹਜ਼ਾਰ ਵਿਅਕਤੀ ਨਸ਼ਿਆਂ ਦੇ ਇਲਾਜ ਅਧੀਨ ਹਨ। ਇਸੇ ਤਰ੍ਹਾਂ ਨਸ਼ਾ ਰੋਕੂ ਮੁਹਿੰਮ ਨੂੰ ‘ਲੋਕ-ਮੁਹਿੰਮ’ ਬਣਾਉਣ ਲਈ 5 ਲੱਖ ਤੋਂ ਵੱਧ ਨਸ਼ਾ ਰੋਕੂ ਅਫਸਰ ‘ਡੈਪੋ’ ਨਾਮਜ਼ਦ ਕੀਤੇ ਹਨ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਬੱਡੀ ਪ੍ਰੋਗਰਾਮ ਨਾਲ ਜੁੜਿਆ ਗਿਆ ਅਤੇ ਹੁਣ ਤੱਕ 7 ਲੱਖ ਤੋਂ ਵੱਧ ਬੱਡੀ ਗਰੁੱਪ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ। ਨਸ਼ਾ-ਛੁਡਾਓ ਪ੍ਰੋਗਰਾਮ ਅਧੀਨ ਲਗਭਗ 4 ਲੱਖ ਮਰੀਜ਼ ਰਜਿਸਟਰਡ ਹੋਏ ਹਨ।
ਪੈਨਲ ਚਰਚਾ ਵਿੱਚ ਹਿੱਸਾ ਲੈ ਰਹੇ ਤਰਨ ਤਾਰਨ ਜ਼ਿਲੇ ਦੇ ਸਰਹੱਦੀ ਪਿੰਡ ਦੌਦਪੁਰ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਆਪਣੇ ਪਿੰਡ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੇ ਸਵੈ ਇੱਛਾ ਨਾਲ ਨਸ਼ਿਆਂ ਖਿਲਾਫ ਨਿਤਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਦੇ ਸਹਿਯੋਗ ਨਾਲ ਹੋਰ ਵੀ ਨਤੀਜੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਜੇਕਰ ਹਰ ਪਿੰਡ ਆਪਣੇ ਆਪ ਨੂੰ ਇਕਾਈ ਸਮਝ ਕੇ ਨਸ਼ਿਆਂ ਖਿਲਾਫ ਲੜਾਈ ਵਿੱਚ ਨਿੱਤਰ ਆਏ ਤਾਂ ਪੂਰਾ ਸੂਬਾ ਅਤੇ ਦੇਸ਼ ਇਸ ਲਾਹਨਤ ਤੋਂ ਨਿਜਾਤ ਪਾ ਸਕਦਾ ਹੈ।
ਪੈਨਲ ਚਰਚਾ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾ.ਰਾਣਾ ਰਣਬੀਰ ਸਿੰਘ ਤੇ ਡਾ.ਸੰਦੀਪ ਭੋਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।