ਅੰਮ੍ਰਿਤਸਰ , 14 ਅਗਸਤ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸ਼ਹਿਰਾਂ ਨੂੰ ਆਉਣ ਵਾਲੇ ਸਮੇਂ ਵਿਚ ਨਹਿਰੀ ਪਾਣੀ ਸਾਫ਼ ਕਰਕੇ ਪੀਣ ਲਈ ਦਿੱਤਾ ਜਾਵੇਗਾ, ਜਿਸ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਓਥੇ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਤੋਂ ਵੀ ਮੁਕਤੀ ਮਿਲੇਗੀ। ਅੱਜ ਅੰਮ੍ਰਿਤਸਰ ਲਈ ਕਈ ਕਲਿਆਣਕਾਰੀ ਅਤੇ ਵਿਕਾਸ ਸਕੀਮਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਕੜੀ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਬਿਆਸ ਦਰਿਆ ਤੋਂ ਪਾਣੀ ਦੀ ਸਪਲਾਈ ਪ੍ਰਣਾਲੀ ਮੁਹੱਈਆ ਕਰਾਉਣ ਲਈ 3,000 ਕਰੋੜ ਜਾਰੀ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ।
ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ 556.90 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਜਿਸ ਵਿੱਚ 200 ਕਰੋੜ ਰੁਪਏ ਦੇ ਨਿਵੇਸ਼ ਨਾਲ ਸਮਾਰਟ ਸਿਟੀ ਵਜੋਂ ਸ਼ਹਿਰ ਨੂੰ ਵਿਕਸਿਤ ਕਰਨਾ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਨੂੰ ਬੋਹੜੂ ਪਿੰਡ ਤੱਕ ਦੋ ਮਾਰਗੀ ਕਰਨਾ, ਬਾਬਾ ਬੁੱਢਾ ਸਾਹਿਬ ਤੱਕ ਮਾਤਾ ਗੰਗਾ ਜੀ ਦੇ ਨਾਂ ਉੱਤੇ ਨਹਿਰ ਦੇ ਨਾਲ-ਨਾਲ ਨਵੀਂ ਸੜਕ ਦਾ ਨਿਰਮਾਣ, ਵੱਲ•ਾ ਵਿਖੇ ਰੇਲਵੇ ਓਵਰਬ੍ਰਿਜ ਅਤੇ ਪੁਤਲੀਘਰ ਚੌਂਕ ਵਿਖੇ ਪੁੱਲ ਦਾ ਨਿਰਮਾਣ ਸ਼ਾਮਿਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਤਰਜੀਹ ਆਧਾਰ ਤੇ ਹੋਵੇਗਾ ਅਤੇ ਅੱਜ ਗੁਰੂ ਨਗਰੀ ਤੋਂ ਇਸ ਦੀ ਸ਼ੁਰੂਆਤ ਕਰ ਰਹੇ ਹਾਂ। ਇਸ ਤੋਂ ਇਲਾਵਾ ਉਨ•ਾਂ ਅੰਮ੍ਰਿਤਸਰ ਵਿੱਚ ਫਾਇਰ ਸਰਵਿਸ ਦਾ ਰਾਜ ਪੱਧਰੀ ਡਾਇਰੈਕਟੋਰੇਟ ਸਥਾਪਤ ਕਰਨ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਮਿਊਂਸੀਪਲ ਬਾਡੀਜ਼ ਦੇ ਪੁਰਾਣੀ ਕਿਰਾਏਦਾਰਾਂ ਨੂੰ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਦੇ ਮਾਲਕਨਾਂ ਅਧਿਕਾਰਾਂ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਾਣੀ ਤੇ ਸੀਵਰੇਜ ਚਾਰਜ ਅਤੇ ਜਾਇਦਾਦ ਦੇ ਹਾਊਸ ਟੈਕਸ ਦੇ ਪੁਰਾਣੇ ਬਕਾਏ ਦਾ ਵੀ ਯਕਮੁਸ਼ਤ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਸਾਰੀਆਂ ਸੇਵਾਵਾਂ ਬਿਨਾਂ ਕਿਸੇ ਖਜ਼ਲ-ਖੁਆਰੀ ਦੇ ਸਮੇਂ ਸਿਰ ਦੇਣ ਲਈ ਦ੍ਰਿੜ ਹੈ ਅਤੇ ਛੇਤੀ ਹੀ ਅੰਮ੍ਰਿਤਸਰ ਵਿਚ ਜਿਆਦਾਤਰ ਸੇਵਾਵਾਂ ਮੋਬਾਇਲ ਉੱਤੇ ਮਿਲਣ ਲੱਗਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਦੀਆਂ ਆ ਰਹੀਆਂ ਚੋਣਾਂ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਜਾਣਗੀਆਂ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਬੇਘਰੇ ਲੋਕਾਂ ਲਈ ਘਰਾਂ ਦਾ ਨਿਰਮਾਣ ਸ਼ਹਿਰੀ ਆਵਾਸ ਯੋਜਨਾ ਤਹਿਤ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਲਈ ਵਿਸ਼ਵ ਪੱਧਰ ਦੀਆਂ ਕੰਪਨੀਆਂ ਕੋਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਫਲੈਟ ਤਿਆਰ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਜੋੜਾ ਫਾਟਕ ਵਿਖੇ 15 ਕਰੋੜ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ, ਸੰਤ ਸਿੰਘ ਸੁੱਖਾ ਸਿੰਘ ਚੌਂਕ ਵਿਖੇ 40 ਕਰੋੜ ਦੀ ਲਾਗਤ ਨਾਲ ਫਲਾਈ ਓਵਰ, ਭੰਡਾਰੀ ਪੁੱਲ ਦੇ ਵਾਧੇ ਲਈ 20 ਕਰੋੜ, ਰਣਜੀਤ ਐਵਨਿਊ ਵਿੱਚ 25 ਏਕੜ ਥਾਂ ਉੱਤੇ ਬਹੁ ਮੰਤਵੀ ਖੇਡ ਸਟੇਡੀਅਮ ਬਣਾਉਣ ਲਈ 35 ਕਰੋੜ ਰੁਪਏ, ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਲਈ 25 ਕਰੋੜ ਰੁਪਏ, ਹਾਲਗੇਟ ਤੋਂ ਟਾਊਨ ਹਾਲ ਅਤੇ ਪਿੰਕ ਪਲਾਜਾ ਤੱਕ ਫਸਾਡ ਦੇ ਨਿਰਮਾਣ ਲਈ 30 ਕਰੋੜ, ਸ਼ਹਿਰ ਵਿੱਚ 17 ਵੱਖ-ਵੱਖ ਥਾਵਾਂ ਉੁੱਤੇ ਪਬਲਿਕ ਟਾਇਲੈਟਸ ਬਣਾਉਣ ਲਈ 3 ਕਰੋੜ 40 ਲੱਖ ਰੁਪਏ ਅਤੇ ਘਿਓ ਮੰਡੀ ਵਿਖੇ ਸਲਿਪ ਰੋਡ ਅਤੇ ਚੌਕ ਬਣਾਉਣ ਲਈ 3 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਸ਼ਹਿਰ ਵਿੱਚ ਕੈਰੋਂ ਮਾਰਕੀਟ, ਮੱਛੀ ਮੰਡੀ, ਪੁਰਾਣੀ ਟੈਲੀਫੋਨ ਐਕਸਚੇਂਜ ਅਤੇ ਹਾਲਗੇਟ ਨੇੜੇ ਬਹੁ ਮੰਜਲੀ ਪਾਰਕਿੰਗ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਅੱਜ ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਸ: ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਸ: ਗੁਰਜੀਤ ਸਿੰਘ ਔਜਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਨਵੀਨ ਠੁਕਰਾਲ, ਓ.ਐਸ.ਡੀ. ਸ: ਜਗਦੀਪ ਸਿੰਘ ਸਿੱਧੂ, ਕੈਪਟਨ ਸੰਦੀਪ ਸੰਧੂ, ਸ੍ਰੀ ਬਾਵਾ ਸੰਧੂ, ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰੀ ਓ.ਪੀ. ਸੋਨੀ, ਡਾ: ਰਾਜ ਕੁਮਾਰ ਵੇਰਕਾ, ਸ੍ਰੀ ਸੁਨੀਲ ਦੱਤੀ, ਸ: ਤਰਸੇਮ ਸਿੰਘ ਡੀ.ਸੀ., ਸ: ਸੁਖਵਿੰਦਰ ਸਿੰਘ ਡੈਨੀ ਬੁੰਡਾਲਾ, ਸ: ਹਰਮਿੰਦਰ ਸਿੰਘ ਗਿੱਲ (ਸਾਰੇ ਵਿਧਾਇਕ), ਲਾਲੀ ਮਜੀਠੀਆ, ਸ੍ਰੀਮਤੀ ਮਮਤਾ ਦੱਤਾ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸ: ਗੁਰਦੇਵ ਸਿੰਘ ਝੀਤਾ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।