ਚੰਡੀਗੜ੍ਹ, ਪੰਜਾਬ ਸਰਕਾਰ ਵੱਲੋਂ ਰੋਪੜ ਵਿੱਚ ਇਕ ਅਤਿ-ਆਧੁਨਿਕ ਬਿਜਲੀ ਪਲਾਂਟ ਲਾਇਆ ਜਾ ਰਿਹਾ ਹੈ, ਜਿਸ ਦੀ ਸਮਰੱਥਾ 2400 ਮੈਗਾਵਾਟ ਹੋਵੇਗੀ। ਇਹ ਭਾਰੀ ਕਾਰਜਕੁਸ਼ਲਤਾ ਵਾਲਾ ਅਲਟਰਾ ਸੁਪਰ ਕ੍ਰਿਟਿਕਲ ਪਾਵਰ ਪਲਾਂਟ, ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਸੇਵਾ-ਮੁਕਤੀ ਤੋਂ ਬਾਅਦ ਕਾਇਮ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮੁੱਢਲੇ ਤੌਰ ’ਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ (ਕੁੱਲ ਸਮਰੱਥਾ 420 ਮੈਗਾਵਾਟ) ਬੰਦ ਕਰ ਕੇ ਉਨ੍ਹਾਂ ਦੀ ਥਾਂ ਅਤਿ-ਆਧੁਨਿਕ ਪਲਾਂਟ ਦਾ 800 ਮੈਗਾਵਾਟ ਵਾਲਾ ਇਕ ਯੂਨਿਟ ਲਾਇਆ ਜਾਵੇਗਾ। ਯੋਜਨਾ ਮੁਤਾਬਕ ਪ੍ਰਤੀ 210 ਮੈਗਾਵਾਟ ਵਾਲੇ ਛੇ ਯੂਨਿਟਾਂ ਨੂੰ ਬੰਦ ਕਰ ਕੇ ਅਤਿ-ਆਧੁਨਿਕ ਪਲਾਂਟ ਦੇ ਪ੍ਰਤੀ 800 ਮੈਗਾਵਾਟ ਵਾਲੇ ਤਿੰਨ ਯੂਨਿਟ ਲਾਏ ਜਾਣੇ ਹਨ। ਸਰਕਾਰੀ ਸੂਤਰਾਂ ਮੁਤਾਬਕ ਅਲਟਰਾ ਸੁਪਰ ਕ੍ਰਿਟਿਕਲ ਪਾਵਰ ਪਲਾਂਟ ਲਾਏ ਜਾਣ ਦਾ ਮਕਸਦ ਖ਼ਪਤਕਾਰਾਂ ਨੂੰ ਘੱਟ ਤੋਂ ਘੱਟ ਕੀਮਤ ਉਤੇ ਬਿਜਲੀ ਮੁਹੱਈਆ ਕਰਾਉਣਾ ਹੈ। ਇਨ੍ਹਾਂ ਪਲਾਂਟਾਂ ਦੇ ਭਾਰੀ ਆਕਾਰ ਸਦਕਾ ਇਨ੍ਹਾਂ ਰਾਹੀਂ ਬਿਜਲੀ ਦੀ ਪੈਦਾਵਾਰ ਕਿਫ਼ਾਇਤੀ ਰਹੇਗੀ। ਇਹ ਪਲਾਂਟ ਲਾਉਣ ’ਤੇ ਪ੍ਰਤੀ ਯੂਨਿਟ ਕਰੀਬ 2500-3000 ਕਰੋੜ ਰੁਪਏ ਖ਼ਰਚਾ ਆਉਣ ਦਾ ਅੰਦਾਜ਼ਾ ਹੈ, ਜਦੋਂਕਿ ਬਿਜਲੀ ਪੈਦਾਵਾਰ ਦੀ ਲਾਗਤ ਮਹਿਜ਼ ਦੋ ਰੁਪਏ ਪ੍ਰਤੀ ਯੂਨਿਟ ਤੱਕ ਰਹਿਣ ਦੀ ਸੰਭਾਵਨਾ ਹੈ। ਵਿਭਾਗੀ ਸੂਤਰਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਛੇ ਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟਾਂ ਨੂੰ ਰਿਟਾਇਰ ਕਰਨ ਦੀ ਯੋਜਨਾ ਹੈ ਕਿਉਂਕਿ ਇਹ ‘ਵੇਲਾ ਵਿਹਾਅ ਚੁੱਕੇ ਹਨ ਤੇ ਇਨ੍ਹਾਂ ਤੋਂ ਬਿਜਲੀ ਪੈਦਾਵਾਰ ਬਹੁਤ ਮਹਿੰਗੀ’ ਪੈਂਦੀ ਹੈ। ਇਸ ਨਾਲ ਸੂਬੇ ਦੀ ਆਪਣੀ ਬਿਜਲੀ ਪੈਦਾਵਾਰ ਸਮਰੱਥਾ 860 ਮੈਗਾਵਾਟ (ਬਠਿੰਡਾ ਪਲਾਂਟ ਦੀ ਸਮਰੱਥਾ 460 ਮੈਗਾਵਾਟ ਤੇ ਰੋਪੜ ਦੇ ਦੋ ਪਲਾਂਟਾਂ ਦੀ 420 ਮੈਗਾਵਾਟ) ਘਟ ਜਾਵੇਗੀ, ਜਦੋਂਕਿ ਅਤਿ-ਆਧੁਨਿਕ ਪਲਾਂਟ ਦਾ 800 ਮੈਗਾਵਾਟ ਸਮਰੱਥਾ ਵਾਲਾ ਇਕ ਯੂਨਿਟ ਲਾਉਣ ਲਈ ਘੱਟੋ-ਘੱਟ ਚਾਰ ਸਾਲ ਲੱਗਣਗੇ। ਉਦੋਂ ਤੱਕ ਪੰਜਾਬ ਨੂੰ ਬਾਹਰੋਂ ਮੁੱਲ ਦੀ ਬਿਜਲੀ ’ਤੇ ਨਿਰਭਰ ਰਹਿਣਾ ਪਵੇਗਾ।