ਲੁਧਿਆਣਾ/ਬਰਨਾਲਾ, — ਲੁਧਿਆਣਾ ‘ਚ ਕੋਰੋਨਾ ਵਾਇਰਸ ਨਾਲ ਮਰੀ ਸ਼ੱਕੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਵਾਇਰਸ ਦੇ ਨਾਲ ਅੱਜ 11ਵੀਂ ਮੌਤ ਹੋ ਗਈ ਹੈ। ਕੋਰੋਨਾ ਕਾਰਨ ਮਰੀ ਉਕਤ ਮਹਿਲਾ ਲੁਧਿਆਣਾ ਦੇ ਹਸਪਤਾਲ ਫੋਰਟਿਸ ਹਸਪਤਾਲ ‘ਚ ਦਾਖਲ ਸੀ ਅਤੇ ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਸੀ। ਦਰਅਸਲ ਉਕਤ ਮਹਿਲਾ ਨੇ ਅੱਜ ਸਵੇਰੇ ਹੀ ਫੋਰਟਿਸ ਹਸਪਤਾਲ ‘ਚ ਦਮ ਤੋੜ ਦਿੱਤਾ ਸੀ,ਜਿਸ ਤੋਂ ਬਾਅਦ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਜ਼ਿਲਾ ਪ੍ਰਸ਼ਾਸਨ ਨੇ ਮਹਿਲਾ ਦੇ ਸੈਂਪਲ ਦੀ ਰਿਪੋਰਟ ਆਉਣ ਤੱਕ ਲਾਸ਼ ਨੂੰ ਮੋਰਚਰੀ ‘ਚ ਰੱਖਵਾ ਦਿੱਤਾ ਸੀ।
ਇਸ ਮਾਮਲੇ ‘ਚ ਬਰਨਾਲਾ ਦੇ ਸਿਵਸ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਾਹ ਲੈਣ ‘ਚ ਤਕਲੀਫ ਹੋਣ ਕਰਕੇ ਉਕਤ ਔਰਤ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਹਿਲਾ ਮਹਿਲ ਕਲਾਂ ਦੇ ਜਿਸ ਏਰੀਆ ‘ਚ ਰਹਿੰਦੀ ਸੀ, ਉਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਮਹਿਲਾ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।