ਮਹਾਰਾਸ਼ਟਰ : ਪੁਣੇ ਏਅਰਪੋਰਟ ‘ਤੇ ਭਾਰਤੀ ਹਵਾਈ ਸੈਨਾ ਦੇ ਇੱਕ ਜਹਾਜ਼ ਦੀ ਹਾਰਡ ਲੈਂਡਿੰਗ ਹੋਈ । ਇਸ ਕਾਰਨ ਰਨਵੇਅ ਖ਼ਰਾਬ ਹੋ ਗਿਆ । ਅਜਿਹੀ ਸਥਿਤੀ ਵਿੱਚ, ਇੱਥੋਂ ਚੱਲਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਰੋਕ ਦਿੱਤਾ ਗਿਆ । ਰਨਵੇਅ ਨੂੰ ਠੀਕ ਕਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਅਤੇ ਸ਼ਨੀਵਾਰ ਸਵੇਰ ਤੱਕ ਇਸ ਨੂੰ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ।

ਦੱਸ ਦਈਏ ਕਿ ਇਗ ਘਟਨਾ ਬੀਤੀ ਰਾਤ ਵਾਪਰੀ। ਪੁਣੇ ਏਅਰਪੋਰਟ ਦਾ ਰਨਵੇਅ ਭਾਰਤੀ ਹਵਾਈ ਸੈਨਾ (IAF) ਦੇ ਇੱਕ ਲੜਾਕੂ ਜਹਾਜ਼ ਦੀ ‘ਹਾਰਡ ਲੈਂਡਿੰਗ’ ਤੋਂ ਬਾਅਦ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਇਸ ਘਟਨਾ ਕਾਰਨ ਏਅਰਪੋਰਟ ‘ਤੇ ਫਲਾਈਟ ਆਪਰੇਸ਼ਨ 8 ਘੰਟੇ ਤੱਕ ਪ੍ਰਭਾਵਿਤ ਰਿਹਾ। ਭਾਰਤੀ ਹਵਾਈ ਸੈਨਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।

ਸ਼ੁੱਕਰਵਾਰ ਨੂੰ ਜਹਾਜ਼ ਦੀ ਹਾਰਡ ਲੈਂਡਿੰਗ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਐਕਸ (X) ‘ਤੇ ਲਿਖਿਆ, “ਭਾਰਤੀ ਹਵਾਈ ਸੈਨਾ ਦੇ ਇੱਕ ਏਅਰਕ੍ਰਾਫਟ ਨਾਲ ਜੁੜੀ ਘਟਨਾ ਕਾਰਨ ਪੁਣੇ ਦਾ ਰਨਵੇਅ ਕੁਝ ਸਮੇਂ ਲਈ ਬੰਦ ਹੈ। ਏਅਰਕ੍ਰੂ ਸੁਰੱਖਿਅਤ ਹਨ ਅਤੇ ਸਿਵਲ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਰਨਵੇਅ ਨੂੰ ਚਾਲੂ ਕਰਨ ਅਤੇ ਜਲਦੀ ਤੋਂ ਜਲਦੀ ਨੌਰਮਲ ਆਪਰੇਸ਼ਨ ਫਿਰ ਤੋਂ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।”ਦੱਸ ਦਈਏ ਕਿ ਅੱਜ ਸਵੇਰੇ 7:30 ਵਜੇ ਤੋਂ ਬਾਅਦ ਹਵਾਈ ਅੱਡੇ ‘ਤੇ ਉਡਾਣ ਦਾ ਸੰਚਾਲਨ ਆਮ ਵਾਂਗ ਹੋ ਗਿਆ।

ਹਵਾਈ ਅੱਡੇ ਦੇ ਨਿਰਦੇਸ਼ਕ ਦੇ ਅਨੁਸਾਰ ਪੰਜ ਏਅਰਲਾਈਨਾਂ ਦੀਆਂ 91 ਉਡਾਣਾਂ ਰੱਦ ਕਰਨੀਆਂ ਪਈਆਂ।
ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਇੰਡੀਗੋ ਦੀਆਂ 65, ਏਅਰ ਇੰਡੀਆ ਦੀਆਂ 6, ਸਪਾਈਸਜੈੱਟ ਦੀਆਂ 5, ਅਕਾਸਾ ਏਅਰ ਦੀਆਂ 5, ਏਅਰ ਇੰਡੀਆ ਐਕਸਪ੍ਰੈਸ ਦੀਆਂ 10 ਉਡਾਣਾਂ ਸ਼ਾਮਲ ਸਨ।ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੜਾਕੂ ਜਹਾਜ਼ ਸ਼ੁੱਕਰਵਾਰ ਰਾਤ ਲਗਭਗ 10:25 ਵਜੇ ਲੈਂਡ ਕਰਨ ਵਾਲਾ ਸੀ। ਲੈਂਡਿੰਗ ਦੌਰਾਨ ਇਸਦਾ ਅੰਡਰਕੈਰੇਜ (ਲੈਂਡਿੰਗ ਗੀਅਰ) ਖਰਾਬ ਹੋ ਗਿਆ, ਜਿਸ ਕਾਰਨ ਇਸ ਦੀ ਹਾਰਡ ਲੈਂਡਿੰਗ ਹੋਈ । ਹਾਰਡ ਲੈਂਡਿੰਗ ਕਈ ਵਾਰ ਸਿਰਫ਼ ਝਟਕਾ ਹੀ ਦੇ ਸਕਦੀ ਹੈ, ਪਰ ਜੇਕਰ ਤੀਬਰਤਾ ਜ਼ਿਆਦਾ ਹੋਵੇ, ਤਾਂ ਇਹ ਜਹਾਜ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਯਾਤਰੀਆਂ ਅਤੇ ਚਾਲਕ ਦਲ ਨੂੰ ਜ਼ਖਮੀ ਕਰ ਸਕਦੀ ਹੈ।