ਭੀਖੀ (ਮਾਨਸਾ), ਪਨਸਪ ਦੇ ਗੁਦਾਮਾਂ ਵਿੱਚੋਂ ਸਰਕਾਰੀ ਕਣਕ ਦੇ 480 ਗੱਟੇ ਚੋਰੀ ਕਰ ਕੇ ਲੈ ਜਾਣ ਦੇ ਦੋਸ਼ ਹੇਠ ਭੀਖੀ ਪੁਲੀਸ ਨੇ ਪਨਸਪ ਦੇ ਦੋ ਇੰਸਪੈਕਟਰਾਂ ਅਤੇ ਦੋ ਟਰੱਕ ਚਾਲਕ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਗੁਪਤ ਇਤਲਾਹ ਤੇ’ ਉਨ੍ਹਾਂ ਤੋਂ ਚੋਰੀ ਕੀਤੀ ਕਣਕ ਟਰੱਕ ਸਮੇਤ ਬਰਾਮਦ ਕਰ ਲਈ ਹੈ। ਮੌਕੇ ‘ਤੇ ਇੰਸਪੈਕਟਰ ਫਰਾਰ ਹੋ ਗਏ, ਜਦੋਂ ਕਿ ਟਰੱਕ ਚਾਲਕਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪਨਸਪ ਦੇ ਵੱਡੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਹੋਣ ਤੋਂ ਬਾਅਦ ਪੁਲੀਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਭੀਖੀ ਦੇ ਫਰਵਾਹੀ ਰੋਡ ਸਥਿਤ ਪਨਸਪ ਦੇ ਗੁਦਾਮਾਂ ਵਿੱਚੋਂ ਇੰਸਪੈਕਟਰ ਨੀਰਜ ਕੁਮਾਰ ਅਤੇ ਰੋਹਿਤ ਕੁਮਾਰ ਸਿੰਗਲਾ ਨੇ ਪ੍ਰਾਈਵੇਟ ਟਰੱਕ ਲਿਆ ਕੇ ਆਪਣੇ ਅਧੀਨ ਆਉਂਦੇ ਗੁਦਾਮਾਂ ਵਿੱਚੋਂ ਕਣਕ ਦੇ 480 ਗੱਟੇ ਉਨ੍ਹਾਂ ਵਿੱਚ ਭਰਵਾ ਕੇ ਚਾਲਕਾਂ ਨੂੰ ਉੱਥੋਂ ਤੋਰ ਦਿੱਤਾ। ਯੋਜਨਾ ਮੁਤਾਬਿਕ ਰਸਤੇ ਵਿੱਚ ਉਨ੍ਹਾਂ ਨੇ ਟਰੱਕ ਅੱਗੇ ਆਪਣੀ ਗੱਡੀ ਲਗਾ ਕੇ ਇਹ ਕਣਕ ਉਸ ਵਿੱਚ ਭਰਨੀ ਸੀ ਅਤੇ ਬਾਅਦ ਵਿਚ ਉਸ ਨੂੰ ਵੇਚ ਦੇਣਾ ਸੀ।
ਇਸੇ ਦੌਰਾਨ ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੰਘ ਸੰਧੂ ਭਗਵਾਨਪੁਰ ਹੀਂਗਣਾ ਨੇ ਮਿਲੀ ਗੁਪਤ ਸੂਚਨਾ ਕਾਰਨ ਪਹਿਲਾਂ ਹੀ ਨਾਕਾ ਲਗਾਇਆ ਹੋਇਆ ਸੀ। ਪੁਲੀਸ ਪਾਰਟੀ ਨੇ ਮਾਨਸਾ-ਭੀਖੀ ਅਤੇ ਬੁਢਲਾਡਾ ਤਿੰਨਕੋਣੀ ਕੈਂਚੀਆਂ ‘ਤੇ ਨਾਕਾ ਲਗਾ ਕੇ ਮੌਕੇ ‘ਤੇ ਟਰੱਕ (ਨੰਬਰ ਪੀਬੀ 11ਐਸ 9965) ਵਿੱਚ ਭਰੀ ਹੋਈ ਕਣਕ ਦੇ ਗੱਟੇ ਬਰਾਮਦ ਕੀਤੇ। ਟਰੱਕ ਚਾਲਕ ਸਵਰਨਜੀਤ ਸਿੰਘ ਤੇ ਗੁਲਾਬ ਸਿੰਘ ਵਾਸੀ ਨੰਗਲ ਖੁਰਦ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਪਿੱਛੇ ਇੰਸਪੈਕਟਰਾਂ ਦਾ ਵੱਡਾ ਹੱਥ ਹੈ ਜਿਨ੍ਹਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਦੋਵੇਂ ਇੰਸਪੈਕਟਰ ਮੌਕੇ ‘ਤੇ ਫਰਾਰ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਇਹ ਕਣਕ ਇੰਸਪੈਕਟਰਾਂ ਵੱਲੋਂ ਕਿਸ ਨੂੰ ਵੇਚੀ ਜਾਣੀ ਸੀ ਅਤੇ ਇਸ ਤਰ੍ਹਾਂ ਪਹਿਲਾਂ ਵੀ ਕੋਈ ਘਟਨਾ ਗੁਦਾਮ ਵਿੱਚ ਵਾਪਰੀ ਹੈ। ਪਤਾ ਲੱਗਿਆ ਹੈ ਕਿ ਇੱਕ ਇੰਸਪੈਕਟਰ ਬਰੇਟਾ ਮੰਡੀ ਵਿਖੇ ਤਾਇਨਾਤੀ ਦੌਰਾਨ ਸਰਕਾਰੀ ਅਨਾਜ ਖੁਰਦ-ਬੁਰਦ ਕਰ ਚੁੱਕਿਆ ਹੈ ਜਿਸ ਨੂੰ ਚਾਰਜਸ਼ੀਟ ਕਰਕੇ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ।