ਚੰਡੀਗੜ੍ਹ, 12 ਫਰਵਰੀ: ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਯਾ ਨਾਇਡੂ ਨੇ ਅੱਜ ਸ਼ਾਮ ਨਵੀਂ ਦਿੱਲੀ ਵਿਖੇ ਸਰਦਾਰ ਵੱਲਭ ਭਾਈ ਪਟੇਲ ਕਾਨਫਰੰਸ ਹਾਲ ਵਿਖੇ “ਦਿ ਵਿਜ਼ਨ ਆਫ਼ ਅੰਨਤੋਦਿਆ” ਪੁਸਤਕ ਦੀ ਘੁੰਢ ਚੁਕਾਈ ਕੀਤੀ।
ਇਹ ਕਿਤਾਬ ਭਾਰਤ ਵਿਚ ਅੰਨਤੋਦਿਆ ਅਧਾਰਤ ਉੱਤਮ ਅਭਿਆਸਾਂ ਦਾ ਇਕ ਦਸਤਾਵੇਜ਼ ਅਤੇ ਸੰਗ੍ਰਹਿ ਹੈ। ਇਹ ਮਾਣ ਵਾਲੀ ਗੱਲ ਹੈ ਕਿ ਪਟਿਆਲਾ ਫਾਊਂਡੇਸ਼ਨ- ਸਾਲ 2009 ਤੋਂ ਸਮਾਜਿਕ ਖੇਤਰ ਵਿਚ ਕੰਮ ਕਰ ਰਹੀ ਇਕ ਪਟਿਆਲਾ ਅਧਾਰਤ ਐਨ.ਜੀ.ਓ ਹੈ ਅਤੇ ਜਿਸ ਨੂੰ ਆਈਐਸਆਰਐਨ (ਇੰਡੀਅਨ ਸੋਸ਼ਲ ਰਿਸਪਾਂਸੀਬਿਲਟੀ ਨੈਟਵਰਕ) ਅਤੇ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲਾ ਦੁਆਰਾ ਅਰੰਭੇ ਗਏ ਪ੍ਰਾਜੈਕਟ ਅਧੀਨ ਇਸ ਪੁਸਤਕ ਵਿੱਚ ਦਰਸਾਇਆ ਗਿਆ ਹੈ।
ਪਟਿਆਲਾ ਫਾਉਂਡੇਸ਼ਨ ਵੱਲੋਂ ਆਪਣੇ ਸੜਕ ਸੁਰੱਖਿਆ ਪ੍ਰਾਜੈਕਟ ‘ਸੜਕ’ ਅਧੀਨ ਡਿਜ਼ਾਈਨ ਕੀਤੀ ਗਈ ‘ਚਿਲਡਰਨ ਚਲਾਨ ਬੁੱਕ’ ਨੂੰ ਸਰਬੋਤਮ ਅਭਿਆਸਾਂ ਲਈ ਚੁਣਿਆ ਗਿਆ ਅਤੇ ਇਸ ਪੁਸਤਕ ਨੂੰ ਰਾਸ਼ਟਰੀ ਮਾਨਤਾ ਮਿਲੀ।
ਪਟਿਆਲਾ ਫਾਉਂਡੇਸ਼ਨ ਦੇ ਚੀਫ਼ ਫੰਕਸ਼ਨਰੀ ਸ੍ਰੀ ਰਵੀ ਐਸ ਆਹਲੂਵਾਲੀਆ ਨੇ ਦਿੱਲੀ ਵਿਖੇ ਪੁਸਤਕ ਦੀ ਘੁੰਢ ਚੁਕਾਈ ਦੇ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ 2017 ਵਿਚ ਸ਼ੁਰੂ ਕੀਤੇ ਸੜਕ ਸੁਰੱਖਿਆ ਪ੍ਰਾਜੈਕਟ “ਸੜਕ” ਦੌਰਾਨ ਆਪਣੇ ਤਜ਼ਰਬਿਆਂ ਬਾਰੇ ਦੱਸਦਿਆਂ ਕਿਹਾ ਕਿ ਇਹ ਉਹਨਾਂ ਲਈ ਵਿਕਾਸ ਅਤੇ ਜਾਣਕਾਰੀ ਦੀ ਨਿੱਜੀ ਯਾਤਰਾ ਰਿਹਾ ਹੈ। ਸੜਕਾਂ ‘ਤੇ ਹੁੰਦੇ ਹਾਦਸਿਆਂ ਨੇ ਉਹਨਾਂ ਨੂੰ ਸੜਕ ਸੁਰੱਖਿਆ ਬਾਰੇ ਇਸ ਪਹਿਲਕਦਮੀ ਲਈ ਪ੍ਰੇਰਿਤ ਕੀਤਾ। ਉਹ ਸੜਕ ਹਾਦਸਿਆਂ ਦੀ ਸਮੱਸਿਆ ਦਾ ਤਕਨਾਲੋਜੀ ਅਧਾਰਤ ਵਿਗਿਆਨਕ ਹੱਲ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਸਕੂਲੀ ਬੱਚਿਆਂ, ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਡਰਾਈਵਰਾਂ ਅਤੇ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਹਨ। ਉਹਨਾਂ ”ਚਿਲਡਰਨ ਚਲਾਨ ਬੁੱਕ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਡਿਜਾਇਨ ਕੀਤੀ ਹੈ। ਪਟਿਆਲਾ ਫਾਊਂਡੇਸ਼ਨ ਨੇ ਹੁਣ ਤੱਕ ਪਟਿਆਲਾ ਦੇ ਸਕੂਲੀ ਬੱਚਿਆਂ ਨੂੰ ‘ਚਿਲਡਰਨ ਚਲਾਨ ਬੁੱਕ’ ਦੀਆਂ 2000 ਕਾਪੀਆਂ ਵੰਡ ਦਿੱਤੀਆਂ ਹਨ।
ਬੱਚਿਆਂ ਦੀ ਸਰਗਰਮ ਫੀਡਬੈਕ ਨਾਲ ਸੜਕ ਸੁਰੱਖਿਆ ਪ੍ਰਤੀ ਮਾਪਿਆਂ ਦੇ ਵਿਵਹਾਰ ਨੂੰ ਇੱਕ ਸੂਝ ਵੀ ਮਿਲਦੀ ਹੈ ਜਿਸ ਨਾਲ ਸੜਕ ਹਾਦਸਿਆਂ ਦੇ ਵੱਧ ਰਹੇ ਖ਼ਤਰੇ ਦਾ ਹੱਲ ਲੱਭਣ ਲਈ ਵਿਹਾਰਕ ਰਣਨੀਤੀਆਂ ਬਣਾਉਣ ਵਿਚ ਸਹਾਇਤਾ ਮਿਲਦੀ ਹੈ।