ਪਠਾਨਕੋਟ, 9 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਹੁਣ ਇਹੋ ਜਿਹੇ ਲੋਕ ਰਾਜ ਕਰਨਗੇ, ਜਿਨ੍ਹਾਂ ਦਾ ਕੋਈ ਦੀਨ-ਈਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਪਹਿਲੀ ਵਾਰ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਕਹਿੰਦੇ ਸਨ ਕਿ ਅਟਲ ਬਿਹਾਰੀ ਵਾਜਪਾਈ ਉਨ੍ਹਾਂ ਦੇ ਪਿਓ ਹਨ। ਫਿਰ ਉਹ ਅਡਵਾਨੀ ਨੂੰ ਪਿਓ ਕਹਿਣ ਲੱਗੇ ਤੇ ਬਾਅਦ ਵਿੱਚ ਅਰੁਣ ਜੇਤਲੀ ਨੂੰ, ਫਿਰ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪਿਓ ਦੱਸਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਕਿਸੇ ਵੇਲੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਪੂ ਨਾਂ ਨਾਲ ਬੁਲਾਉਂਦੇ ਸਨ ਤੇ ਹੁਣ ਰਾਹੁਲ ਨੂੰ ਪੱਪੂ ਦੀ ਥਾਂ ਪਾਪਾ ਦਾ ਦਰਜਾ ਦੇਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਜਿਹੋ ਜਿਹੇ ਹਲਾਤ ਬਣ ਰਹੇ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ 2019 ਵਿੱਚ ਸਿੱਧੂ ਭਾਜਪਾ ਵਿੱਚ ਪਰਤ ਆਉਣਗੇ ਤੇ ਉਸ ਨੂੰ ‘ਘਰ ਵਾਪਸੀ’ ਆਖਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ 10 ਸਾਲ ਦੇ ਰਾਜ ਵਿੱਚ ਗ਼ਰੀਬਾਂ ਲਈ ਆਟਾ-ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ ਆਦਿ ਸਕੀਮਾਂ ਸ਼ੁਰੂ ਕੀਤੀਆਂ ਸਨ, ਪਰ ਕੈਪਟਨ ਸਰਕਾਰ ਨੇ ਸਾਰੀਆਂ ਸਕੀਮਾਂ ਠੱਪ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਤੋਂ ਬਾਅਦ ਕੈਪਟਨ ਸਰਕਾਰ 15 ਤਰੀਕ ਨੂੰ ਬਿਜਲੀ ਦੇ ਬਿੱਲ ਵਧਾਉਣ ਜਾ ਰਹੀ ਹੈ, ਜੋ 12 ਤੋਂ 13 ਫ਼ੀਸਦੀ ਵਧ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਐਵੇਂ ਹੀ ਖ਼ਜ਼ਾਨਾ ਖਾਲੀ ਹੋਣ ਦਾ ਰੌਲਾ ਪਾ ਰਹੀ ਹੈ। ਜੇ ਉਨ੍ਹਾਂ ਨੂੰ ਪੰਜ ਦਿਨ ਸੂਬੇ ਦੀ ਕਮਾਨ ਮਿਲੇ ਤਾਂ ਉਹ ਖ਼ਜ਼ਾਨਾ ਭਰ ਕੇ ਦਿਖਾਉਣਗੇ। ਸ੍ਰੀ ਬਾਦਲ ਨੇ ਕਾਂਗਰਸ ਨੂੰ ਠੱਗਾਂ ਦੀ ਪਾਰਟੀ ਦੱਸਦੇ ਹੋਏ ਕਿਹਾ ਕਿ 25-30 ਸਾਲ ਪਹਿਲਾਂ ਭਾਰਤ, ਕਾਂਗਰਸ ਦਾ ਗੜ੍ਹ ਸੀ ਤੇ ਹੁਣ ਪੰਜਾਬ ਤੋਂ ਬਿਨਾਂ ਕਿਤੇ ਵੀ ਪਾਰਟੀ ਦਾ ਦੀਵਾ ਨਹੀਂ ਬਲਦਾ। ਇਸ ਰੈਲੀ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਪਾਰਟੀ ਉਮੀਦਵਾਰ ਸਵਰਨ ਸਲਾਰੀਆ ਨੇ ਵੀ ਸੰਬੋਧਨ ਕੀਤਾ।
ਬਟਾਲਾ (ਪੱਤਰ ਪ੍ਰੇਰਕ): ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਟਾਲਾ ਦੇ ਸਿਨੇਮਾ ਰੋਡ ਖੇਤਰ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਰਦਾਸਪੁਰ ਦੇ ਵੋਟਰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਬੁਰੀ ਤਰ੍ਹਾਂ ਹਰਾਉਣਗੇ।