ਮੁੰਬਈ, 16 ਫਰਵਰੀ

ਇੱਥੇ ਅੱਜ ਬੌਲੀਵੁੱਡ ਦੀ ਅਦਾਕਾਰਾ ਦੀਆ ਮਿਰਜ਼ਾ ਤੇ ਕਾਰੋਬਾਰੀ ਵੈਭਵ ਰੇਖੀ ਵਿਆਹ ਦੇ ਬੰਧਨ ਵਿੱਚ ਬੱਝੇ ਗਏ।

ਦੀਆ ਮਿਰਜ਼ਾ ਦੇ ਬਾਂਦਰਾ ਸਥਿਤ ਗਾਰਡਨ ਏਰੀਆ ਵਿੱਚ ਪੈਂਦੇ ਘਰ ਵਿੱਚ ਇਸ ਜੋੜੇ ਦਾ ਵਿਆਹ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ। ਇਸ ਵਿਆਹ ਸਮਾਰੋਹ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਮਿੱਤਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਅਦਾਕਾਰ ਆਦਿੱਤੀ ਰਾਓ ਹੈਦਰੀ ਅਤੇ ਅਦਾਕਾਰ ਤੇ ਨਿਰਮਾਤਾ ਜੈਕੀ ਭਗਨਾਨੀ ਵੀ ਸ਼ਾਮਲ ਸਨ। ਵਿਆਹ ਦੇ ਬੰਧਣ ਵਿੱਚ ਬੱਝਣ ਮਗਰੋਂ ਦੋਵੇਂ ਜਣੇ ਘਰੋਂ ਬਾਹਰ ਆਏ ਅਤੇ ਫੋਟੋਗ੍ਰਾਫ਼ਰਾਂ ਕੋਲ ਤਸਵੀਰਾਂ ਖਿਚਵਾਈਆਂ। ਦੀਆ ਮਿਰਜ਼ਾ ਨੇ ਬਾਹਰ ਇੰਤਜ਼ਾਰ ਵਿੱਚ ਖੜ੍ਹੇ ਮੀਡੀਆ ਨੂੰ ਖ਼ੁਦ ਮਠਿਆਈ ਵੰਡੀ।

ਜ਼ਿਕਰਯੋਗ ਹੈ ਕਿ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’, ‘ਸੰਜੂ’ ਅਤੇ ‘ਥੱਪੜ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਇਹ ਅਦਾਕਾਰਾ ਤੇ ਰੇਖੀ ਪਿਛਲੇ ਕੁਝ ਸਮੇਂ ਤੋਂ ਸੰਪਰਕ ਵਿੱਚ ਸਨ ਪਰ ਉਨ੍ਹਾਂ ਦਾ ਇਹ ਰਿਸ਼ਤਾ ਕਦੇ ਜੱਗ ਜ਼ਾਹਿਰ ਨਹੀਂ ਸੀ ਹੋਇਆ। ਇਸ ਤੋਂ ਪਹਿਲਾਂ ਦੀਆ ਮਿਰਜ਼ਾ ਫਿਲਮ ਨਿਰਮਾਤਾ ਸਾਹਿਲ ਸਾਂਘਾ ਨਾਲ ਵਿਆਹੀ ਹੋਈ ਸੀ। 11 ਸਾਲ ਇਕੱਠੇ ਰਹਿਣ ਤੋਂ ਬਾਅਦ ਸਾਲ 2019 ਵਿੱਚ ਉਨ੍ਹਾਂ ਅੱਡ ਹੋਣ ਦਾ ਫ਼ੈਸਲਾ ਲਿਆ। ਖ਼ਬਰਾਂ ਅਨੁਸਾਰ ਰੇਖੀ ਦੀ ਪਹਿਲੀ ਪਤਨੀ ਯੋਗਾ ਤੇ ਲਾਈਫਸਟਾਈਲ ਕੋਚ ਸੁਨੈਨਾ ਰੇਖੀ ਸੀ। ਦੋਹਾਂ ਦੀ ਇਕ ਧੀ ਵੀ ਹੈ।