ਨਵੀ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ‘ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਆਫ-ਡਿਊਟੀ ਪਾਇਲਟ ਵੀਰੇਂਦਰ ਸੇਜਵਾਲ ਨੇ ਸਪਾਈਸਜੈੱਟ ਦੇ ਇੱਕ ਯਾਤਰੀ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਘਟਨਾ ਨੇ ਹਵਾਈ ਅੱਡੇ ਦੀ ਸੁਰੱਖਿਆ ਅਤੇ ਏਅਰਲਾਈਨ ਕਰਮਚਾਰੀਆਂ ਦੀ ਪੇਸ਼ੇਵਰਤਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ, ਏਅਰ ਇੰਡੀਆ ਐਕਸਪ੍ਰੈਸ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ।
ਇਸ ਘਟਨਾ ਦੇ ਸੰਬੰਧ ‘ਚ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਸਾਂਝੀ ਕੀਤੀ ਅਤੇ ਪਾਇਲਟ ਦੇ ਕੱਪੜਿਆਂ ਅਤੇ ਆਪਣੇ ਜ਼ਖਮੀ ਚਿਹਰੇ ਦੀਆਂ ਫੋਟੋਆਂ ਪੋਸਟ ਕੀਤੀਆਂ। ਏਅਰਲਾਈਨ ਨੇ ਘਟਨਾ ਤੋਂ ਤੁਰੰਤ ਬਾਅਦ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਨੂੰ ਮੁਅੱਤਲ ਕਰ ਦਿੱਤਾ। ਇੱਕ ਬਿਆਨ ਵਿੱਚ, ਏਅਰਲਾਈਨ ਨੇ ਕਿਹਾ, “ਪਾਇਲਟ ਡਿਊਟੀ ‘ਤੇ ਨਹੀਂ ਸੀ। ਉਹ ਕਿਸੇ ਹੋਰ ਉਡਾਣ ਵਿੱਚ ਯਾਤਰੀ ਸੀ। ਅਸੀਂ ਉਸਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਜਾਂਚ ਪੂਰੀ ਹੋਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।”
ਦੱਸ ਦਈਏ ਕਿ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ‘ਚ ਲਿਖਿਆ “ਏਅਰ ਇੰਡੀਆ ਤੁਹਾਡੇ ਇੱਕ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਨੇ ਦਿੱਲੀ ਹਵਾਈ ਅੱਡੇ ‘ਤੇ T1 ‘ਤੇ ਮੇਰੇ ਨਾਲ ਕੁੱਟਮਾਰ ਕੀਤੀ। ਮੇਰੇ ਨਾਲ ਮੇਰਾ ਪਰਿਵਾਰ ਅਤੇ ਇੱਕ ਸਟਰੌਲਰ ਵਿੱਚ 4 ਮਹੀਨਿਆਂ ਦਾ ਬੱਚਾ ਸੀ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਟਾਫ ਦੁਆਰਾ ਵਰਤੀ ਜਾਂਦੀ ਸੁਰੱਖਿਆ ਜਾਂਚ (ਜਿਸਨੂੰ PRM ਜਾਂਚ ਵੀ ਕਿਹਾ ਜਾਂਦਾ ਹੈ) ਵਿੱਚੋਂ ਲੰਘਣ ਲਈ ਕਿਹਾ ਗਿਆ ਕਿਉਂਕਿ ਸਾਡੇ ਕੋਲ ਇੱਕ ਸਟਰੌਲਰ ਵਿੱਚ ਚਾਰ ਮਹੀਨਿਆਂ ਦਾ ਬੱਚਾ ਸੀ। ਪਰ ਸਟਾਫ਼ ਮੈਂਬਰ ਲਾਈਨਾਂ ਤੋੜ ਕੇ ਅੱਗੇ-ਅੱਗੇ ਵਧ ਰਹੇ ਸਨ। ਜਦੋਂ ਮੈਂ ਉਨ੍ਹਾਂ ਨੂੰ ਰੋਕਿਆ, ਤਾਂ ਕੈਪਟਨ ਵੀਰੇਂਦਰ ਜੋ ਖੁਦ ਲਾਈਨ ਤੋੜ ਰਿਹਾ ਸੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਇੰਨਾ ਅਨਪੜ੍ਹ ਹਾਂ ਕਿ ਮੈਂ ਇਹ ਐਂਟਰੀ ਪੜ੍ਹ ਨਹੀਂ ਸਕਦਾ ਕਿ ਸਟਾਫ ਲਈ ਹੈ। ਇਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। ਪਾਇਲਟ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕਿਆ ਅਤੇ ਮੇਰੇ ‘ਤੇ ਜਾਨਲੇਵਾ ਹਮਲਾ ਕੀਤਾ, ਜਿਸ ਨਾਲ ਮੈਂ ਲਹੂ ਲੁਹਾਨ ਹੋ ਗਿਆ। ਉਸਦੀ ਕਮੀਜ਼ ‘ਤੇ ਲੱਗਿਆ ਖੂਨ ਵੀ ਮੇਰਾ ਸੀ।
ਅੱਗੇ ਯਾਤਰੀ ਨੇ ਦੱਸਿਆ ਕਿ ਮੇਰੀਆਂ ਛੁੱਟੀਆਂ ਬਰਬਾਦ ਹੋ ਗਈਆਂ। ਪਹੁੰਚਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਡਾਕਟਰ ਨੂੰ ਮਿਲਣਾ ਸੀ। ਮੇਰੀ 7 ਸਾਲ ਦੀ ਧੀ ਜਿਸਨੇ ਆਪਣੇ ਪਿਤਾ ਨਾਲ ਬੇਰਹਿਮੀ ਹੁੰਦੀ ਦੇਖੀ, ਅਜੇ ਵੀ ਸਦਮੇ ਅਤੇ ਡਰ ਵਿੱਚ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਡੀਜੀਸੀਏ ਅਤੇ ਏਅਰ ਇੰਡੀਆ ਐਕਸਪ੍ਰੈਸ ਅਜਿਹੇ ਪਾਇਲਟਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਨ। ਜਦੋਂ ਉਹ (ਪਾਇਲਟ) ਝਗੜੇ ਵਿੱਚ ਆਪਣਾ ਆਪਾ ਗੁਆ ਸਕਦੇ ਹਨ ਤਾਂ ਕੀ ਸੈਂਕੜੇ ਜਾਨਾਂ ਹਵਾ ਵਿੱਚ ਉਨ੍ਹਾਂ ਦੇ ਭਰੋਸੇ ‘ਤੇ ਛੱਡੀਆਂ ਜਾ ਸਕਦੀਆਂ ਹਨ?
ਓਧਰ ਦੂਜੇ ਪਾਸੇ ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਅਸੀਂ ਦਿੱਲੀ ਹਵਾਈ ਅੱਡੇ ‘ਤੇ ਵਾਪਰੀ ਘਟਨਾ ਤੋਂ ਜਾਣੂ ਹਾਂ ਜਿਸ ਵਿੱਚ ਸਾਡਾ ਇੱਕ ਕਰਮਚਾਰੀ, ਇੱਕ ਹੋਰ ਏਅਰਲਾਈਨ ਵਿੱਚ ਯਾਤਰੀ ਵਜੋਂ ਯਾਤਰਾ ਕਰ ਰਿਹਾ ਸੀ, ਇੱਕ ਹੋਰ ਯਾਤਰੀ ਨਾਲ ਝਗੜਿਆ। ਅਸੀਂ ਅਜਿਹੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹਾਂ। ਸਬੰਧਤ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਢੁਕਵੀਂ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
