ਤਾਮਿਲਨਾਡੂ: ਤਾਮਿਲਨਾਡੂ ਦੇ ਤੇਨਕਾਸੀ ਜ਼ਿਲ੍ਹੇ ਵਿੱਚ ਅੱਜ ਦੋ ਨਿੱਜੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਤਿਰੂਮੰਗਲਮ-ਕੋਲਮ ਰਾਸ਼ਟਰੀ ਰਾਜਮਾਰਗ ‘ਤੇ ਇਡਾਈਕਲ ਨੇੜੇ ਵਾਪਰਿਆ, ਜਿਸ ਵਿੱਚ 32 ਯਾਤਰੀ ਜ਼ਖਮੀ ਹੋ ਗਏ। ਇਸ ਭਿਆਨਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪੰਜ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ।ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ 11 ਵਜੇ ਮਦੁਰਾਈ ਤੋਂ ਸੇਨਕੋਟਾਈ ਜਾ ਰਹੀ ਇੱਕ ਬੱਸ ਅਤੇ ਤੇਨਕਾਸੀ ਤੋਂ ਕੋਵਿਲਪੱਟੀ ਜਾ ਰਹੀ ਇੱਕ ਬੱਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਬੱਸਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਦੀ ਗਲਤੀ ਸੀ। ਬੱਸ ਜੋ ਕਿ ਮਦੁਰਾਈ ਤੋਂ ਸੇਨਕੋਟਾਈ ਜਾ ਰਹੀ ਸੀ ਲਾਪਰਵਾਹੀ ਨਾਲ ਅਤੇ ਤੇਜ਼ ਰਫ਼ਤਾਰ ਨਾਲ ਚਲਾ ਰਹੀ ਸੀ। ਜ਼ਖਮੀ ਯਾਤਰੀਆਂ ਦਾ ਨੇੜਲੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਕੁਝ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।
ਬੱਸ ਦੇ ਅੰਦਰ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਚਾਉਣ ਲਈ ਇੱਕ ਜੇਸੀਬੀ ਦੀ ਵਰਤੋਂ ਕੀਤੀ ਗਈ। ਬੱਸ ਦੇ ਨੁਕਸਾਨੇ ਗਏ ਹਿੱਸਿਆਂ ਨੂੰ ਕਟਰ ਦੀ ਵਰਤੋਂ ਨਾਲ ਕੱਟ ਕੇ ਉਨ੍ਹਾਂ ਨੂੰ ਕੱਢਿਆ ਗਿਆ । ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਲਿਜਾਣ ਲਈ 25 ਤੋਂ ਵੱਧ ਐਂਬੂਲੈਂਸਾਂ ਬੁਲਾਈਆਂ ਗਈਆਂ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਤੇਨਕਾਸੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਹਾਦਸਾ ਹੋਇਆ ਤਾਂ ਦੋਵਾਂ ਬੱਸਾਂ ਵਿੱਚ ਘੱਟੋ-ਘੱਟ 55 ਯਾਤਰੀ ਸਵਾਰ ਸਨ।
