ਤਾਈਪੇ: ਤਾਈਵਾਨ ਦੀ ਰਾਜਧਾਨੀ ਤਾਈਪੇ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਨੌਜਵਾਨ ਨੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਲੋਕਾਂ ਵਿੱਚ ਡਰ ਫੈਲਾਉਣ ਲਈ ਧੂੰਏਂ ਦੇ ਗ੍ਰਨੇਡ ਵੀ ਸੁੱਟੇ। ਤਾਈਪੇਈ ਦੇ ਮੁੱਖ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਵਿਅਕਤੀ ਨੇ ਸਮੋਕ ਬੰਬ ਸੁੱਟ ਕੇ ਅਤੇ ਫਿਰ ਸਟੇਸ਼ਨ ਦੇ ਅੰਦਰ ਅਤੇ ਬਾਹਰ ਚਾਕੂ ਨਾਲ ਹਮਲੇ ਕਰਕੇ ਦਹਿਸ਼ਤ ਫੈਲਾ ਦਿੱਤੀ।
ਇਹ ਹਮਲਾ ਤਾਈਪੇਈ ਮੇਨ ਸਟੇਸ਼ਨ ਤੋਂ ਸ਼ੁਰੂ ਹੋਇਆ, ਜੋ ਕਿ ਸ਼ਹਿਰ ਦਾ ਸਭ ਤੋਂ ਵਿਅਸਤ ਰੇਲਵੇ ਅਤੇ ਮੈਟਰੋ ਸਟੇਸ਼ਨ ਹੈ। ਇਸ ਤੋਂ ਬਾਅਦ ਨੌਜਵਾਨ ਨੇ ਸ਼ਾਮ ਦੇ ਭੀੜ-ਭੜੱਕੇ ਵਾਲੇ ਸਮੇਂ ਸਟੇਸ਼ਨ ਦੇ ਅੰਦਰ ਇੱਕ ਧੂੰਏਂ ਵਾਲਾ ਬੰਬ ਸੁੱਟਿਆ ਅਤੇ ਫਿਰ ਨੇੜਲੇ ਝੋਂਗਸ਼ਾਨ ਖੇਤਰ ਵਿੱਚ ਭੱਜ ਗਿਆ, ਜਿੱਥੇ ਉਸਨੇ ਸੜਕ ਅਤੇ ਇੱਕ ਸ਼ਾਪਿੰਗ ਮਾਲ ਵਿੱਚ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ ਨੌਂ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਭੱਜਦੇ ਸਮੇਂ ਇੱਕ ਇਮਾਰਤ ਤੋਂ ਡਿੱਗ ਪਿਆ ਅਤੇ ਮਾਰਿਆ ਗਿਆ। ਤਾਈਵਾਨ ਦੀ ਸੈਂਟਰਲ ਨਿਊਜ਼ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸ਼ੱਕੀ ਦੀ ਪਛਾਣ 27 ਸਾਲਾ ਚਾਂਗ ਵੇਨ ਵਜੋਂ ਹੋਈ ਹੈ। ਹਮਲੇ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਸ਼ੱਕੀ ਵਿਅਕਤੀ ਕਾਲੇ ਕੱਪੜੇ ਅਤੇ ਕਾਲੀ ਟੋਪੀ ਪਹਿਨੇ ਹੋਏ ਇੱਕ ਬੈਗ ਚੁੱਕਣ ਲਈ ਝੁਕਦਾ ਹੋਇਆ ਅਤੇ ਤਾਈਪੇਈ ਮੇਨ ਮੈਟਰੋ ਸਟੇਸ਼ਨ ਵੱਲ ਇੱਕ ਜ਼ੈਬਰਾ ਕਰਾਸਿੰਗ ਪਾਰ ਕਰਦਾ ਹੋਇਆ ਨਜ਼ਰ ਆਉਂਦਾ ਹੈ। ਜਿਵੇਂ ਹੀ ਉਹ ਸਟੇਸ਼ਨ ਦੇ ਸਾਹਮਣੇ ਭੀੜ ਵਿੱਚ ਦਾਖਲ ਹੁੰਦਾ ਹੈ, ਉਹ ਲੋਕਾਂ ਕੋਲ ਜਾਂਦਾ ਹੈ ਅਤੇ ਉਨ੍ਹਾਂ ‘ਤੇ ਚਾਕੂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਉੱਤਰ ਵੱਲ ਇੱਕ ਪ੍ਰਸਿੱਧ ਸ਼ਾਪਿੰਗ ਖੇਤਰ ਵੱਲ ਚਲਾ ਗਿਆ, ਜਿੱਥੇ ਉਸਨੇ ਐਸਲਾਈਟ ਸਪੈਕਟ੍ਰਮ ਨੈਨਕਸੀ ਡਿਪਾਰਟਮੈਂਟ ਸਟੋਰ ਦੀ ਪਹਿਲੀ ਅਤੇ ਚੌਥੀ ਮੰਜ਼ਿਲ ‘ਤੇ ਧੂੰਏਂ ਦੇ ਗ੍ਰਨੇਡ ਸੁੱਟੇ ਅਤੇ ਕਈ ਲੋਕਾਂ ਨੂੰ ਚਾਕੂ ਮਾਰਿਆ।
ਜਾਣਕਾਰੀ ਦਿੰਦਿਆਂ ਤਾਈਵਾਨ ਦੇ ਪ੍ਰਧਾਨ ਮੰਤਰੀ ਚੋ ਜੰਗ-ਤਾਈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਸੀ ਅਤੇ ਉਸ ਵਿਰੁੱਧ ਵਾਰੰਟ ਜਾਰੀ ਕੀਤੇ ਗਏ ਸਨ। ਉਸਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਤਾਂ ਜੋ ਉਸਦੇ ਉਦੇਸ਼ ਨੂੰ ਸਮਝਿਆ ਜਾ ਸਕੇ।”
