ਚੰਡੀਗੜ੍ਹ, 24 ਅਗਸਤ ,ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਧਾਰਾ 144 ਦੀਆਂ ਧੱਜੀਆਂ ਉਡਾ ਕੇ ਵੱਡੀ ਗਿਣਤੀ ਵਿੱਚ ਪੰਚਕੁੂਲਾ ਅਤੇ ਸਿਰਸਾ ਵਿੱਚ ਡੇਰੇ ਜਮਾ ਲਏ ਹਨ। ਪੁਲੀਸ ਤੇ ਨੀਮ ਫੌਜੀ ਬਲਾਂ ਦੀ ਸਖ਼ਤੀ ਦੇ ਬਾਵਜੂਦ ਪੰਚਕੂਲਾ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਦਰਜ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਫੈਸਲਾ ਸੁਣਾਉਣ ਦੇ ਮੱਦੇਨਜ਼ਰ ਪੰਜਾਬ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਦਿਨ ਸਕੂਲਾਂ, ਕਾਲਜਾਂ ਵਿੱਚ ਛੁੱਟੀ ਕਰ ਦਿੱਤੀ ਹੈ। ਹਰਿਆਣਾ ਸਰਕਾਰ ਨੇ ਪਹਿਲਾਂ ਹੀ ਸੂਬੇ ਵਿੱਚ ਧਾਰਾ 144 ਲਾਈ ਹੋਈ ਹੈ ਅਤੇ ਪੰਚਕੂਲਾ ਦੇ ਵਿੱਦਿਅਕ ਅਦਾਰਿਆਂ ਵਿੱਚ ਤਿੰਨ ਦਿਨ ਲਈ ਛੁੱਟੀਆਂ ਕਰ ਦਿੱਤੀਆਂ ਹਨ। ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਸਥਿਤੀ ਦੇ ਮੱਦੇਨਜ਼ਰ ਕੇਂਦਰ ਕੋਲੋਂ ਨੀਮ ਫੌਜੀ ਬਲਾਂ ਦੀਆਂ ਦੋ ਸੌ ਦੇ ਕਰੀਬ ਹੋਰ ਕੰਪਨੀਆਂ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮੀਂ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਵੀਵੀਆਈਪੀ ਡਿਊਟੀ ਵਿੱਚ ਲੱਗੇ ਇਕ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਹਟਾ ਕੇ ਸੁਰੱਖਿਆ ਡਿਊਟੀਆਂ ’ਤੇ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਅਮਨ ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸ ਦੌਰਾਨ ਭਾਵੇਂ ਹਰਿਆਣਾ ਸਰਕਾਰ, ਪੁਲੀਸ ਤੇ ਨੀਮ ਫੌਜੀ ਬਲਾਂ ਨੇ ਸ਼ਰਧਾਲੂਆਂ ਦੀ ਆਮਦ ਰੋਕਣ ਲਈ ਕਈ ਕਦਮ ਚੁੱਕੇ ਹਨ ਪਰ ਪੰਚਕੂਲਾ ਵਿੱਚ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧਣ ਕਰ ਕੇ ਲੋਕ ਖੱਟਰ ਸਰਕਾਰ ਦੀ ਨੀਅਤ ’ਤੇ ਸ਼ੱਕ ਕਰਨ ਲੱਗੇ ਹਨ। ਸ਼ਰਧਾਲੂਆਂ ਨੇ ਪੰਚਕੂਲਾ ਦੀਆਂ ਸੜਕਾਂ ਦੇ ਕਿਨਾਰਿਆਂ, ਪਾਰਕਾਂ, ਸਟੇਡੀਅਮ ਦੇ ਆਲੇ-ਦੁਆਲੇ ਡੇਰੇ ਜਮ੍ਹਾ ਲਏ ਹਨ। ਹਰਿਆਣਾ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਅਦਾਲਤ ਵਿੱਚ ਪੇਸ਼ ਕਰਨ ਲਈ ਪੰਚਕੂਲਾ ਵਿੱਚ ਹੈਲੀਪੈਡ ਬਣਾ ਲਿਆ ਹੈ।
ਵਧੀਕ ਮੁੱਖ ਸਕੱਤਰ ਕਮ ਗ੍ਰਹਿ ਸਕੱਤਰ ਰਾਮ ਨਿਵਾਸ ਅਤੇ ਸੂਬਾਈ ਪੁਲੀਸ ਮੁਖੀ ਬੀ.ਐਸ ਸੰਧੁੂ ਨੇ ਅੱਜ ਹੈਲੀਪੈਡ ਦਾ ਜਾਇਜ਼ਾ ਲਿਆ ਅਤੇ ਸੁਰੱਖਿਆ ਪ੍ਰਬੰਧ ਦੇਖੇ। ਸਿਰਸਾ ਡੇਰੇ ਵਿੱਚ ਸ਼ਰਧਾਲੂਆਂ ਦੀ ਗਿਣਤੀ ਸ਼ਾਮ ਤੱਕ ਵੀਹ ਹਜ਼ਾਰ ਤੋਂ ਵੱਧ ਹੋ ਚੁੱਕੀ ਸੀ, ਜਦੋਂ ਕਿ ਪੰਚਕੂਲਾ ਵਿੱਚ ਇਕ ਲੱਖ ਦੇ ਕਰੀਬ ਸ਼ਰਧਾਲੂ ਪੁੱਜੇ ਹਨ। ਸ਼ਰਧਾਲੂਆਂ ਦੀ ਆਮਦ ਰੋਕਣ ਲਈ ਹਰਿਆਣਾ ਸਰਕਾਰ ਨੇ ਭਲਕ ਤੋਂ ਸਰਕਾਰੀ ਬੱਸ ਸੇਵਾ ਅੰਬਾਲਾ ਤੱਕ ਸੀਮਤ ਕਰਨ ਦਾ ਫੈਸਲਾ ਲਿਆ ਹੈ। ਹਰਿਆਣਾ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਬੀ.ਉਮਾ ਸ਼ੰਕਰ ਭਲਕੇ ਡੇਰਾ ਮੁਖੀ ਨਾਲ ਮੀਟਿੰਗ ਕਰਨਗੇ ਤੇ ਸਥਿਤੀ ਨੂੰ ਆਮ ਵਾਂਗ ਬਣਾਈ ਰੱਖਣ ਦੀ ਬੇਨਤੀ ਕਰਨਗੇ। ਉਨ੍ਹਾਂ ਦਾ ਮੰਤਵ ਡੇਰਾ ਮੁਖੀ ਦੀ 25 ਅਗਸਤ ਦੀ ਪੇਸ਼ੀ ਯਕੀਨੀ ਬਣਾਉਣਾ ਹੈ। ਪੰਜਾਬ ਵਿੱਚ ਡੇਰੇ ਦੇ ਪੈਰੋਕਾਰਾਂ ਕੋਲੋਂ ਪੰਜ ਵਾਕੀ ਟਾਕੀ ਸੈੱਟ ਵੀ ਜ਼ਬਤ ਕੀਤੇ ਗਏ ਹਨ। ਇਸ ਦੌਰਾਨ ਰਵਿੰਦਰ ਸਿੰਘ ਢੁੱਲ ਨਾਂ ਦੇ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਪਟੀਸ਼ਨ ਪਾ ਕੇ ਖ਼ਾਸ ਤੌਰ ’ਤੇ ਜ਼ਿਲ੍ਹਾ ਪੰਚਕੂਲਾ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਢੁਕਵੇਂ ਸੁਰੱਖਿਆ ਪ੍ਰਬੰਧ ਕਰਨ ਲਈ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਹੈ। ਜਸਟਿਸ ਏ.ਕੇ. ਮਿੱਤਲ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਇਸ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ।
ਡੇਰਾ ਮੁਖੀ ਨੇ ਕੀਤਾ ਟਵੀਟ
ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਅੱਜ ਟਵਿੱਟਰ ਉਤੇ ਸੰਦੇਸ਼ ਵਿੱਚ ਸ਼ਰਧਾਲੂਆਂ ਨੂੰ ਨਿਸਵਾਰਥ ਸੇਵਾ ਅਤੇ ਧਿਆਨ ਲਾਉਣ ਲਈ ਕਿਹਾ। ਉਨ੍ਹਾਂ ਟਵੀਟ ਕੀਤਾ ਕਿ ‘‘ਨਿਸਵਾਰਥ ਸੇਵਾ, ਧਿਆਨ ਲਾਉਣ ਅਤੇ ਦ੍ਰਿੜ੍ਹ ਵਿਸ਼ਵਾਸ ਅਧਿਆਤਮਕਤਾ ਦੇ ਗਹਿਣੇ ਹਨ।’’ ਉਨ੍ਹਾਂ ਇਸ ਨਾਲ ਆਪਣੇ ਇਕ ਉਪਦੇਸ਼ ਦੇ ਫੇਸਬੁੱਕ ਵੀਡੀਓ ਦਾ ਲਿੰਕ ਵੀ ਸਾਂਝਾ ਕੀਤਾ।
ਚੰਡੀਗੜ੍ਹ ਦੀਆਂ ਹੱਦਾਂ ਸੀਲ
ਚੰਡੀਗੜ੍ਹ ਪੁਲੀਸ ਨੇ ਸ਼ਹਿਰ ਦੀਆਂ ਪੰਜਾਬ ਅਤੇ ਹਰਿਆਣਾ ਨਾਲ ਲਗਦੀਆਂ ਸਾਰੀਆਂ ਹੱਦਾਂ ਅੱਜ ਸ਼ਾਮ 6 ਵਜੇ ਤੋਂ ਸੀਲ ਕਰ ਦਿੱਤੀਆਂ। ਪ੍ਰਸ਼ਾਸਨ ਨੇ 24 ਅਤੇ 25 ਅਗਸਤ ਨੂੰ ਸ਼ਹਿਰ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ। ਸ਼ਹਿਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸ਼ਹਿਰ ਵਿੱਚ 5000 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ।
ਪੰਜਾਬ ਵਿੱਚ ਰਿਕਾਰਡ ਪ੍ਰਬੰਧ
ਪੰਜਾਬ ਵਿੱਚ ਇੰਨੇ ਵੱਡੇ ਪੱਧਰ ਉਤੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ, ਜਿੰਨੇ ਪਿਛਲੇ ਇਕ ਦਹਾਕੇ ਵਿੱਚ ਕਦੇ ਨਹੀਂ ਹੋਏ। ਪੰਜਾਬ ਪੁਲੀਸ ਤੇ ਨੀਮ ਫੌਜੀ ਬਲਾਂ ਦੇ 25 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। ਫੌਜ ਨੂੰ ਥੋੜ੍ਹੇ ਸਮੇਂ ਦੇ ਨੋਟਿਸ ਉਤੇ ਤਾਇਨਾਤੀ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ।