ਮੁੰਬਈ, 14 ਅਕਤੂਬਰ

ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਕਿਸ਼ੋਰ ਕੁਮਾਰ ਦੀ 33ਵੀਂ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਫ਼ਿਲਮ ‘ਡਰੀਮ ਗਰਲ’ ਵਿਚਲਾ ਕਿਰਦਾਰ ਨਿਭਾਉਣ ਦੀ ਹਿੰਮਤ ਉਨ੍ਹਾਂ ਨੂੰ ਕਿਸ਼ੋਰ ਤੋਂ ਹੀ ਮਿਲੀ ਸੀ। ਜ਼ਿਕਰਯੋਗ ਹੈ ਕਿ 2019 ਦੀ ਇਸ ਕਾਮੇਡੀ ਫ਼ਿਲਮ ਵਿਚ ਆਯੂਸ਼ਮਾਨ ਇਕ ਅਜਿਹੇ ਕਿਰਦਾਰ ਵਿਚ ਸਨ ਜੋ ਔਰਤ ਦੀ ਆਵਾਜ਼ ਸੌਖੇ ਜਿਹੇ ਢੰਗ ਨਾਲ ਕੱਢ ਸਕਦਾ ਹੈ। ਇਸ ਨਾਲ ਉਸ ਨੂੰ ਜ਼ਿੰਦਗੀ ਵਿਚ ਸਫ਼ਲਤਾ ਤਾਂ ਮਿਲਦੀ ਹੈ ਪਰ ਉਹ ਇਕ ਅਣਚਾਹੀ ਮੁਸ਼ਕਲ ਵਿਚ ਵੀ ਫਸ ਜਾਂਦਾ ਹੈ। ਕਿਸ਼ੋਰ ਕੁਮਾਰ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਵਿਚ ਗਾਉਣ ਲਈ ਜਾਣੇ ਜਾਂਦੇ ਸਨ। ਉਹ ਔਰਤ ਦੀ ਆਵਾਜ਼ ਵਿਚ ਵੀ ਗਾ ਲੈਂਦੇ ਸਨ। ‘ਹਾਫ਼ ਟਿਕਟ’ ਫਿਲਮ ਵਿਚ ਉਨ੍ਹਾਂ ‘ਆਕੇ ਸੀਧੀ ਲਗੀ ਦਿਲ ਪੇ’ ਗੀਤ ਪੁਰਸ਼ ਤੇ ਔਰਤ ਦੀ ਆਵਾਜ਼ ਵਿਚ ਗਾਇਆ ਸੀ। ਆਯੂਸ਼ਮਾਨ ਨੇ ਕਿਹਾ ਕਿ ਕਿਸ਼ੋਰ ਕੁਮਾਰ ਨੂੰ ਦੇਖ ਕੇ ਉਹ ‘ਡਰੀਮ ਗਰਲ’ ਕਰਨ ਲਈ ਪ੍ਰੇਰਿਤ ਹੋਏ। ਅਦਾਕਾਰ ਨੇ ਨਾਲ ਹੀ ਕਿਹਾ ਕਿ ਕਿਸ਼ੋਰ ਹਮੇਸ਼ਾ ਜੋਖ਼ਮ ਉਠਾਉਂਦੇ ਸਨ, ਉਹ ਇਕ ਸੰਸਥਾ ਸਨ ਤੇ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਖੁਰਾਨਾ ਨੇ ਕਿਹਾ ਕਿ ਕਿਸ਼ੋਰ ਵਿਚ ਰਚਨਾਤਮਕ ਇੱਛਾ ਸ਼ਕਤੀ ਬਹੁਤ ਸੀ ਤੇ ਉਹ ਨਿਡਰਤਾ ਨਾਲ ਸਭ ਕਰਦੇ ਸਨ। ਉਹ ਹਮੇਸ਼ਾ ਤਜਰਬੇ ਕਰਦੇ ਰਹੇ, ਜੋਖਮ ਉਠਾਉਂਦੇ ਰਹੇ ਤੇ ਸਫ਼ਲ ਵੀ ਰਹੇ।