ਨਵੀ ਦਿੱਲੀ : ਕਰਨਾਟਕ ਦੇ ਚਿਤਰਦੁਰਗਾ ਜ਼ਿਲ੍ਹੇ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਬੱਸ ਨੂੰ ਅੱਗ ਲੱਗਣ ਕਾਰਨ 10 ਯਾਤਰੀ ਜ਼ਿੰਦਾ ਸੜ ਗਏ। ਕਈ ਹੋਰ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਾਹਮਣੇ ਆਈ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਚਿਤਰਦੁਰਗਾ ਵਿੱਚ ਇੱਕ ਟਰੱਕ ਇੱਕ ਪ੍ਰਾਈਵੇਟ ਸਲੀਪਰ ਬੱਸ ਨਾਲ ਇੰਨੀ ਜ਼ੋਰ ਨਾਲ ਟਕਰਾ ਗਿਆ ਕਿ ਬੱਸ ਕੁਝ ਹੀ ਦੇਰ ਵਿੱਚ ਅੱਗ ਦੇ ਗੋਲੇ ਵਿੱਚ ਬਦਲ ਗਈ। ਇਸ ਵਿੱਚ ਸਵਾਰ ਘਟੋ ਘੱਟ 10 ਲੋਕ ਸੜ ਕੇ ਮਰ ਗਏ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਅੰਕੜਾ 12 ਅਤੇ 17 ਦੱਸਿਆ ਗਿਆ ਹੈ। ਇਹ ਹਾਦਸਾ ਰਾਜ ਮਾਰਗ NH-48 ‘ਤੇ ਵਾਪਰਿਆ। ਬੱਸ ਬੰਗਲੁਰੂ ਤੋਂ ਗੋਕਰਨ ਜਾ ਰਹੀ ਸੀ। ਰਿਪੋਰਟਾਂ ਅਨੁਸਾਰ ਇਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ।
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਸਵੇਰੇ 2:30 ਵਜੇ ਇੱਕ ਤੇਜ਼ ਰਫ਼ਤਾਰ ਟਰੱਕ ਦੀ ਬੱਸ ਨਾਲ ਟਕਰ ਹੋ ਗਈ। ਬੱਸ ਨੂੰ ਤੁਰੰਤ ਅੱਗ ਲੱਗ ਗਈ। ਉਸ ਸਮੇਂ ਯਾਤਰੀ ਸੁੱਤੇ ਪਏ ਸਨ, ਇਸ ਲਈ ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਗੱਲਬਾਤ ਕਰਦਿਆਂ ਪੂਰਬੀ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਰਵੀਕਾਂਤ ਗੌੜਾ ਨੇ ਕਿਹਾ ਕਿ ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਤੋਂ ਛਾਲ ਮਾਰ ਦਿੱਤੀ। ਜ਼ਖਮੀ ਯਾਤਰੀਆਂ ਨੂੰ ਤੁਮਾਕੁਰੂ ਜ਼ਿਲ੍ਹੇ ਦੇ ਸ਼ਿਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋ ਯਾਤਰੀਆਂ ਦੀ ਹਾਲਤ ਗੰਭੀਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਚਿੱਤਰਦੁਰਗਾ ਬੱਸ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਦੁਖਦਾਈ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਅੱਗ ਵਿੱਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ।
