ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸੋਮਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬਹੁਤ ਵਧੀਆ ਫ਼ੋਨ ਗੱਲਬਾਤ ਹੋਈ ਹੈ। ਆਗੂਆਂ ਨੇ ਯੂਕਰੇਨ ਵਿੱਚ ਜੰਗ, ਫੈਂਟਾਨਿਲ ਦੀ ਤਸਕਰੀ ਅਤੇ ਕਿਸਾਨਾਂ ਲਈ ਇੱਕ ਸੌਦੇ ਬਾਰੇ ਚਰਚਾ ਕੀਤੀ। ਟਰੰਪ ਨੇ ਇੱਕ ਟਰੂਥਆਊਟ ਸੋਸ਼ਲ ਪੋਸਟ ਵਿੱਚ ਕਿਹਾ ਅਸੀਂ ਆਪਣੇ ਕਿਸਾਨਾਂ ਲਈ ਇੱਕ ਚੰਗਾ ਅਤੇ ਬਹੁਤ ਮਹੱਤਵਪੂਰਨ ਸੌਦਾ ਕੀਤਾ ਹੈ। ਇਹ ਸਿਰਫ਼ ਬਿਹਤਰ ਹੋਣ ਜਾ ਰਿਹਾ ਹੈ। ਸਾਡਾ ਚੀਨ ਨਾਲ ਬਹੁਤ ਮਜ਼ਬੂਤ ਰਿਸ਼ਤਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਪ੍ਰੈਲ ਵਿੱਚ ਚੀਨ ਜਾਣ ਦੇ ਸ਼ੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਸ਼ੀ ਸਾਲ ਦੇ ਅੰਤ ਵਿੱਚ ਅਮਰੀਕਾ ਦਾ ਦੌਰਾ ਕਰਨਗੇ।
ਚੀਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਅੰਤਰਰਾਸ਼ਟਰੀ ਵਿਵਸਥਾ ਦਾ ਇੱਕ ਅਨਿੱਖੜਵਾਂ ਅੰਗ ਦੱਸਿਆ। ਉਨ੍ਹਾਂ ਨੇ ਯੂਕਰੇਨ ਸੰਘਰਸ਼ ਵਿੱਚ ਇੱਕ ਨਿਆਂਪੂਰਨ ਅਤੇ ਲੰਬੇ ਸਮੇਂ ਦੀ ਸ਼ਾਂਤੀ ਦੀ ਉਮੀਦ ਵੀ ਪ੍ਰਗਟਾਈ ਹੈ। ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦੇ ਇੱਕ ਤਾਜ਼ਾ ਬਿਆਨ ਕਿ ਜੇਕਰ ਚੀਨ ਤਾਈਵਾਨ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਜਾਪਾਨੀ ਫੌਜ ਦਖਲ ਦੇ ਸਕਦੀ ਹੈ, ਨੇ ਚੀਨ-ਜਾਪਾਨੀ ਸਬੰਧਾਂ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਜਾਪਾਨ ਨੇ ਅਜਿਹੀਆਂ ਟਿੱਪਣੀਆਂ ਕਰਕੇ ਲਾਲ ਲਕੀਰ ਪਾਰ ਕਰ ਦਿੱਤੀ ਹੈ।
ਅਮਰੀਕਾ ਨੇ ਲੰਬੇ ਸਮੇਂ ਤੋਂ ਤਾਈਵਾਨ ਦੀ ਪ੍ਰਭੂਸੱਤਾ ‘ਤੇ ਕੋਈ ਰੁਖ਼ ਨਹੀਂ ਅਪਣਾਇਆ ਪਰ ਟਾਪੂ ਵਿਰੁੱਧ ਤਾਕਤ ਦੀ ਵਰਤੋਂ ਦਾ ਵਿਰੋਧ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਤਾਈਵਾਨ ਨੂੰ 330 ਮਿਲੀਅਨ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਦਾ ਬੀਜਿੰਗ ਨੇ ਸਖ਼ਤ ਵਿਰੋਧ ਕੀਤਾ ਹੈ।
