ਜਲੰਧਰ: ਜਲੰਧਰ ਦੇ ਚੌਗਿੱਟੀ ਚੌਕ ਨੇੜੇ ਅੰਬੇਡਕਰ ਨਗਰ ਵਿੱਚ ਬੱਚੇ, ਬਜ਼ੁਰਗ ਤੇ ਜਵਾਨ ਸਭ ਪਰੇਸ਼ਾਨ ਤੇ ਡਰੇ ਹੋਏ ਨੇ। ਕਾਰਨ – ਪਾਵਰਕਾਮ ਨੇ ਲਗਭਗ 800 ਘਰਾਂ ਨੂੰ ਢਾਹੁਣ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਅੱਜ ਅਦਾਲਤ ਵਿੱਚ ਪਾਵਰਕਾਮ ਅਧਿਕਾਰੀ ਜ਼ਮੀਨ ’ਤੇ ਕਬਜ਼ਾ ਲੈਣ ਜਾਣਗੇ।
ਪਾਵਰਕਾਮ ਦਾ ਦਾਅਵਾ ਹੈ ਕਿ ਇੱਥੇ ਉਹਨਾਂ ਦੀ 65 ਏਕੜ ਜ਼ਮੀਨ ਹੈ, ਜਿਸ ’ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਹ ਘਰ ਚੌਗਿੱਟੀ ਤੋਂ ਲੱਦੇਵਾਲੀ ਫਲਾਈਓਵਰ ਹੇਠਾਂ ਵੱਸੇ ਹਨ। ਉੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ 1986 ਤੋਂ ਬਿਜਲੀ ਬੋਰਡ ਨਾਲ ਕੇਸ ਚੱਲ ਰਿਹਾ ਹੈ। ਦੋ ਵਾਰ ਅਸੀਂ ਕੇਸ ਜਿੱਤ ਚੁੱਕੇ ਹਾਂ। ਚੌਥੀ ਪੀੜ੍ਹੀ ਇੱਥੇ ਰਹਿ ਰਹੀ ਹੈ। ਲਗਭਗ 800 ਘਰ ਹਨ। ਇੱਕ-ਇੱਕ ਇੱਟ ਜੋੜ ਕੇ ਘਰ ਬਣਾਏ ਨੇ। ਹੁਣ ਉਜੜ ਗਏ ਤਾਂ ਕਿੱਥੇ ਜਾਵਾਂਗੇ?
ਉਹਨਾਂ ਨੇ ਕਿਹਾ, “ਸਾਡੇ ਨਿੱਕੇ-ਨਿੱਕੇ ਬੱਚੇ ਕਿੱਥੇ ਜਾਣਗੇ? ਅਸੀਂ ਭਾਰਤ ਵਿੱਚ ਰਹਿ ਰਹੇ ਹਾਂ, ਪਾਕਿਸਤਾਨ ਤੋਂ ਨਹੀਂ ਆਏ। ਭਗਵੰਤ ਮਾਨ ਸਰਕਾਰ ਤੋਂ ਅਪੀਲ ਹੈ – ਸਾਨੂੰ ਬਚਾਓ।”
ਅੰਬੇਡਕਰ ਨਗਰ ਵਿੱਚ ਮੰਦਰ, ਗੁਰਦੁਆਰਾ ਤੇ ਚਰਚ ਵੀ ਬਣੇ ਹਨ। ਲੋਕਾਂ ਨੇ ਪੁੱਛਿਆ, “ਗੁਰੂਘਰਾਂ ਨੂੰ ਢਾਹੁਣਾ ਕਿੱਥੋਂ ਤੱਕ ਜਾਇਜ਼ ਹੈ? ਇਨ੍ਹਾਂ ਸਾਰਿਆਂ ਦਾ ਉਦਘਾਟਨ ਜਲੰਧਰ ਦੇ ਆਗੂਆਂ ਨੇ ਕੀਤਾ ਸੀ। ਕੀ ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਜ਼ਮੀਨ ਪਾਵਰਕਾਮ ਦੀ ਹੈ? ਉਸ ਵੇਲੇ ਅਧਿਕਾਰੀਆਂ ਨੇ ਕਿਸੇ ਨੂੰ ਇਤਰਾਜ਼ ਨਹੀਂ ਕੀਤਾ।”
ਉਹਨਾਂ ਨੇ ਕਿਹਾ , “ਸਾਨੂੰ ਅੱਜ ਤੱਕ ਬਿਜਲੀ ਵਿਭਾਗ ਤੋਂ ਕੋਈ ਨੋਟਿਸ ਨਹੀਂ ਮਿਲਿਆ। ਹੁਣ ਵੀ ਤਿੰਨ ਅਫਸਰ ਆਏ ਤੇ ਕਹਿ ਕੇ ਚਲੇ ਗਏ – ਘਰ ਖਾਲੀ ਕਰੋ। ਅਸੀਂ ਨਾ ਘਰ ਖਾਲੀ ਕਰਾਂਗੇ, ਨਾ ਇਹ ਮੋਹੱਲਾ ਛੱਡਾਂਗੇ। ਚਾਹੇ ਕੁਝ ਵੀ ਹੋ ਜਾਵੇ।”
