ਜਲੰਧਰ, 9 ਮਈ
ਪੰਜਾਬ ਦਾ ਜਲੰਧਰ ਅਜਿਹਾ ਜ਼ਿਲ੍ਹਾ ਹੈ, ਜਿਥੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਨਿੱਤ ਵਾਧਾ ਹੋ ਰਿਹਾ ਹੈ। ਇਸ ਦੇ ਬਾਵਜੂਦ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਦੇ ਨਿਯਮ ਨੂੰ ਲਾਗੂ ਕਰਵਾਉਣ ਵਿੱਚ ਘੋਰ ਅਣਗਹਿਲੀ ਵਰਤੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਆਪਣੇ ਸੂਬਿਆਂ ਨੂੰ ਪਰਤਣ ਲਈ ਬੇਤਾਬ ਪਰਵਾਸੀ ਮਜ਼ਦੂਰਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਸਾਰੇ ਨਿਯਮ ਛਿੱਕੇ ਟੰਗ ਦਿੱਤੇ। ਮਜ਼ਦੂਰਾਂ ਦੀ ਏਨੀ ਭੀੜ ਸੀ ਕਿ ਸਮਾਜਿਕ ਦੂਰੀ ਬਣਾਉਣ ਲਈ ਮਿੱਥੇ ਗਏ ਦੋ ਮੀਟਰ ਦੇ ਫਾਸਲੇ ਨੂੰ ਵੀ ਧਿਆਨ ਵਿੱਚ ਨਹੀਂ ਰੱਖਿਆ ਗਿਆ। ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਵੀ ਮਜ਼ਦੂਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਉਥੇ ਵੀ ਇਹੋ ਹੀ ਹਾਲ ਸੀ। ਹਾਲਾਂ ਕਿ ਪੁਲੀਸ ਵਾਲੇ ਵੀ ਉਥੇ ਤਾਇਨਾਤ ਸਨ ਫਿਰ ਵੀ ਸਮਾਜਿਕ ਦੂਰੀ ਬਣਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਥਾਂਵਾਂ ‘ਤੇ ਮਜ਼ਦੂਰਾਂ ਦੇ ਮੈਡੀਕਲ ਚੈਕਅੱਪ ਲਈ ਥਾਵਾਂ ਨਿਸਚਿਤ ਕੀਤੀਆਂ ਹੋਈਆਂ ਹਨ।