ਮੁੰਬਈ:1970ਵਿਆਂ ਤੇ 80ਵਿਆਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਅਦਾਕਾਰਾ ਬਣਨ ਤੋਂ ਪਹਿਲਾਂ ਰੀਨਾ ਰੌਏ ਵੀ ਆਮ ਕੁੜੀਆਂ ਵਾਂਗ ਸਿਨੇਮਾ ਘਰ ਜਾ ਕੇ ਜਤਿੰਦਰ ਦੀਆਂ ਫਿਲਮਾਂ ਵੇਖਦੀ ਸੀ ਅਤੇ ਰਾਜੇਸ਼ ਖੰਨਾ ਦੀ ਇੱਕ ਝਲਕ ਦੇਖਣ ਲਈ ਉਹ ਘੰਟਿਆਂਬੱਧੀ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਰਹਿੰਦੀ ਸੀ। ਹਾਲਾਂਕਿ ਬਾਅਦ ਵਿੱਚ ਉਸ ਨੂੰ ਇਨ੍ਹਾਂ ਦੋਵੇਂ ਅਦਾਕਾਰਾਂ ਨਾਲ ਕੰਮ ਕਰਨ ਦਾ ਵੀ ਮੌਕਾ ਮਿਲਿਆ ਤੇ ਇਨ੍ਹਾਂ ਦੋਵਾਂ ਨਾਲ ਆਈਆਂ ਉਸ ਦੀਆਂ ਫਿਲਮਾਂ ਉਸ ਸਮੇਂ ਬਹੁਤ ਪ੍ਰਸਿੱਧ ਰਹੀਆਂ। ਲੰਮਾ ਸਮਾਂ ਸਿਨੇ ਜਗਤ ’ਤੇ ਰਾਜ ਕਰਨ ਵਾਲੀ ਉੱਘੀ ਅਦਾਕਾਰਾ ਰੀਨਾ ਰੌਏ ਅੱਜ 66 ਵਰ੍ਹਿਆਂ ਦੀ ਹੋ ਗਈ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਇੰਨੀ ਭਾਵੁਕ ਸੀ ਕਿ ਪਰਦੇ ’ਤੇ ਖਲਨਾਇਕ ਵੱਲੋਂ ਉਸ ਦੇ ਪਸੰਦੀਦਾ ਸਿਤਾਰੇ ਦੀ ਕੀਤੀ ਜਾਂਦੀ ਕੁੱਟਮਾਰ ਦੇਖ ਕੇ ਉਹ ਰੋਣ ਲੱਗ ਪੈਂਦੀ ਸੀ। ਉਸ ਨੇ ਕਿਹਾ, ‘ਮੈਂ ਰਾਜੇਸ਼ ਖੰਨਾ ਦੀ ਇੱਕ ਝਲਕ ਪਾਉਣ ਲਈ ਸਕੂਲ ਤੋਂ ਪਰਤਦੇ ਸਮੇਂ ਉਨ੍ਹਾਂ ਦੇ ਘਰ ਦੇ ਬਾਹਰ ਘੰਟਿਆਂਬੱਧੀ ਖੜ੍ਹੀ ਰਹਿੰਦੀ ਸੀ। ਮੈਂ ਰਾਜੇਸ਼ ਖੰਨਾ ਦੀਆਂ ਫਿਲਮਾਂ ਦੇ ਗੀਤਾਂ ’ਤੇ ਨੱਚਦੀ ਹੁੰਦੀ ਸੀ ਤੇ ਫਿਲਮਾਂ ਵਿੱਚ ਹੀਰੋ ਨਾਲ ਹੋਣ ਵਾਲੇ ਅਨਿਆਂ ’ਤੇ ਦੁਖੀ ਵੀ ਹੁੰਦੀ ਸੀ। ਮੇਰੀ ਇਸੇ ਭਾਵੁਕਤਾ ਕਾਰਨ ਮੇਰੀ ਮਾਂ ਨੇ ਮੈਨੂੰ ਆਪਣੇ ਨਾਲ ਫ਼ਿਲਮ ਦੇਖਣ ਲਈ ਲਿਜਾਣਾ ਬੰਦ ਕਰ ਦਿੱਤਾ ਸੀ।’’