ਘੁਮਾਣ/ਬਟਾਲਾ, ਡੇਰਾ ਨੂਰਮਹਿਲ ਦੇ ਪੈਰੋਕਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਦਰਮਿਆਨ ਕਸਬਾ ਘੁਮਾਣ ਵਿੱਚ ਹੋਈ ਝੜਪ ਦੇ ਮਾਮਲੇ ਵਿੱਚ ਘੁਮਾਣ ਪੁਲੀਸ ਨੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਸਮੇਤ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਨੂਰਮਹਿਲ ਡੇਰੇ ਦੇ ਪੈਰੋਕਾਰਾਂ ਨੇ ਦੋਸ਼ ਲਾਇਆ ਸੀ ਕਿ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ੳੁਨ੍ਹਾਂ ’ਤੇ ਹਮਲਾ ਕੀਤਾ, ਜਦੋਂ ਕਿ ਸਤਿਕਾਰ ਕਮੇਟੀ ਨੇ ਨੂਰਮਹਿਲੀਆਂ ’ਤੇ ੳੁਲਟੇ ਦੋਸ਼ ਲਾਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਝਡ਼ਪ ਵਿੱਚ ਦੋਵਾਂ ਧਿਰਾਂ ਦੇ ਦਰਜਨ ਭਰ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਡੇਰਾ ਪੈਰੋਕਾਰਾਂ ਵੱਲੋਂ ਇਕ ਏਐਸਆਈ ਦੀ ਮੌਜੂਦਗੀ ਵਿੱਚ ਸਤਿਕਾਰ ਕਮੇਟੀ ਦੀ ਗੱਡੀ ਭੰਨਣ ਦੀ ਵੀਡੀਓ ਵੀ ਵਾੲਿਰਲ ਹੋਈ ਹੈ। ਇਸ ਦੇ ਬਾਵਜੂਦ ਅਜੇ ਡੇਰਾ ਪੈਰੋਕਾਰਾਂ ਖ਼ਿਲਾਫ਼ ਕੋੲੀ ਕਾਰਵਾੲੀ ਨਹੀਂ ਕੀਤੀ ਗੲੀ।
ਘੁਮਾਣ ਪੁਲੀਸ ਨੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਵਾਸੀ ਪਿੰਡ ਮੁੱਛਲ (ਅੰਮ੍ਰਿਤਸਰ) ਸਤਨਾਮ ਸਿੰਘ ਪਿੰਡ ਸਮਸਾ (ਥਾਣਾ ਘੁਮਾਣ), ਗੁਰਨਾਮ ਸਿੰਘ ਬਟਾਲਾ, ਨਿਸ਼ਾਨ ਸਿੰਘ ਢਡਿਆਲਾ ਨੱਤ (ਥਾਣਾ ਰੰਗੜ ਨੰਗਲ), ਗੁਰਮੀਤ ਸਿੰਘ, ਸੁੱਖਾ ਸਿੰਘ, ਗੁਰਨਾਮ ਸਿੰਘ ਤੇ ਕਿਰਪਾਲ ਸਿੰਘ ਵਾਸੀ ਛਿੱਤ (ਅੰਮ੍ਰਿਤਸਰ) ਤੋਂ ਇਲਾਵਾ 20-22 ਹੋਰ ਕਮੇਟੀ ਕਾਰਕੁਨਾਂ ਖ਼ਿਲਾਫ਼ ਧਾਰਾ 307, 324, 323, 148, 149 ਤਹਿਤ ਕੇਸ ਦਰਜ ਕਰ ਲਿਆ। ਸੂਤਰਾਂ ਅਨੁਸਾਰ ਇਹ ਝਡ਼ਪ ਥਾਣਾ ਘੁਮਾਣ ਦੇ ਬਿਲਕੁਲ ਨੇਡ਼ੇ ਹੋੲੀ। ਇਸ ਦੌਰਾਨ ਡੇਰਾ ਨੂਰਮਹਿਲ ਦੇ ਪੈਰੋਕਾਰਾਂ ਵੱਲੋਂ ਕਮੇਟੀ ਮੈਂਬਰਾਂ ਸਮੇਤ ਹੋਰਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕਰਨ ਦੀ ਵੀਡੀਓ ਵਾੲਿਰਲ ਹੋੲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਸਤਿਕਾਰ ਕਮੇਟੀ ਦੇ 2-3 ਮੈਂਬਰ ਵੀ ਜ਼ਖ਼ਮੀ ਹੋਏ ਪਰ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਪੁਲੀਸ ਤੱਕ ਪਹੁੰਚ ਨਹੀਂ ਕੀਤੀ ਅਤੇ ਨਾ ਇਹ ਦੱਸਿਆ ਕਿ ਉਨ੍ਹਾਂ ਦੇ ਮੈਂਬਰ ਕਿਹੜੇ ਹਸਪਤਾਲ ਵਿੱਚ ਦਾਖ਼ਲ ਹਨ।
ਇਸ ਮੌਕੇ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਨੂਰਮਹਿਲ ਪੈਰੋਕਾਰਾਂ ਵੱਲੋਂ ਪੁਲੀਸ ਦੀ ਮੌਜੂਦਗੀ ਵਿੱਚ ਗੱਡੀਆਂ ਭੰਨਣ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਕਰ ਕੇ ਹੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪੁਲੀਸ ਦੀ ਮੁਸਤੈਦੀ ਨੇ ਅੱਜ ਸਤਿਕਾਰ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਅਸਫ਼ਲ ਬਣਾ ਦਿੱਤਾ।