ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੈਦ ਹੋਇਆ ਵਿਵਾਦ ਅੱਜ ਸ਼ਨੀਵਾਰ ਨੂੰ ਖਤਮ ਹੋ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪੰਥਕ ਰਵਾਇਤਾਂ ਅਨੁਸਾਰ ਇੱਕ ਵਾਰ ਫਿਰ ਦਸਤਾਰਬੰਦੀ ਕੀਤੀ ਗਈ। ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਨਿਹੰਗ ਜਥੇਬੰਦੀਆਂ ਨੇ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਿਆਨੀ ਗੜਗੱਜ ਨੂੰ ਦਸਤਾਰ ਬੰਨ੍ਹ ਕੇ ਸਨਮਾਨਿਤ ਕੀਤਾ।
ਦੱਸ ਦੇਈਏ ਕਿ ਸਿੱਖ ਸੰਗਠਨਾਂ ਵਿਚਕਾਰ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਅੱਜ ਖਤਮ ਹੋ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਇੱਕਜੁੱਟ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਮੋਗਾ ਵਿੱਚ ਵਾਪਰੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਜਿੱਥੇ ਇੱਕ ਜੋੜੇ ਨੇ ਨਸ਼ੇ ਲਈ ਆਪਣਾ ਬੱਚਾ ਵੇਚ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਫਿਰ ਕਹਿੰਦਾ ਹਾਂ ਕਿ ਪੰਥ ਵੱਡਾ ਹੈ ਤੇ ਵੱਡਾ ਰਹੇਗਾ। ਮੈਂ ਪੰਥ ਅੱਗੇ ਹਜਾਰਾਂ ਵਾਰ ਸਿਰ ਝੁਕਾਉਂਦਾ ਹਾਂ। ਅਸੀਂ ਪੰਥ ਦੇ ਸੇਵਾਦਾਰ ਹਾਂ ਤੇ ਰਹਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਮੁਤਾਬਕ ਚੱਲਾਂਗੇ।
ਇਸ ਦੌਰਾਨ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਪੱਕੇ ਤੌਰ ‘ਤੇ ਲੱਗਿਆ ਜਥੇਦਾਰ ਲੈ ਠੋਸ ਫੈਸਲੇ ਲੈ ਸਕਦ ਹੈ। ਅਸੀਂ ਨਹੀਂ ਚਾਹੁੰਦੇ ਕਿ ਪੰਥ ‘ਚ ਦੁਵਿਧਾ ਬਣੀ ਰਹੇ। ਜਥੇਦਾਰ ਗੜਗੱਜ ਨੂੰ ਅਪੀਲ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੇ ਤੁਸੀਂ ਪੰਥ ਦੀ ਮਰਿਆਦਾ ਨੂੰ ਕਾਇਮ ਰੱਖਣਾ।
