ਪਟਿਆਲਾ, 21 ਮਾਰਚ:

ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਅਤੇ ਇਸਦੇ ਪ੍ਰਭਾਵ ਨੂੰ ਰੋਕਣ ਦੇ ਮੱਦੇਨਜ਼ਰ ਜਨਤਕ ਹਿੱਤਾਂ ਨੂੰ ਦੇਖਦਿਆਂ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਸਮਾਜਿਕ, ਧਾਰਮਿਕ ਸਮਾਗਮ ਜਾਂ ਕਿਸੇ ਹੋਰ ਸਮਾਰੋਹ ਦੌਰਾਨ 20 ਤੋਂ ਜਿਆਦਾ ਲੋਕਾਂ ਦੇ ਇੱਕਠ ਹੋਣ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਿਨ੍ਹਾਂ ਘਰਾਂ ‘ਚ ਕਵਾਰੰਟਾਈਨ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਹੱਥਾਂ ‘ਤੇ ਪਛਾਣ ਲਈ ਨਾ ਮਿਟਣਯੋਗ ਸ਼ਿਆਹੀ ਨਾਲ ਮੋਹਰ ਦੀ ਨਿਸ਼ਾਨੀ ਲਗਾਈ ਜਾਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਸਾਰੇ ਮੈਰਿਜ ਪੈਲੇਸ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਰੈਸਟੋਰੈਂਟਜ ਵਿੱਚੋਂ ਖਾਣ ਦਾ ਸਮਾਨ ਨਾਲ ਲੈਕੇ ਜਾਣ ਦੀ ਮਨਜੂਰੀ ਤਾਂ ਹੋਵੇਗੀ ਪ੍ਰੰਤੂ ਉਥੇ ਬਹਿ ਕੇ ਖਾਣਾ ਖਾਣ ਦੀ ਮਨਾਹੀ ਹੈ। ਸਾਰੇ ਹੋਟਲਾਂ ਦੇ ਬੈਂਕੁਇਟ ਹਾਲ ਬੰਦ ਰਹਿਣਗੇ। ਜਦੋਂਕਿ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਦਾ ਆਪਸ ਵਿੱਚ ਇੱਕ-ਇੱਕ ਮੀਟਰ ਦਾ ਫਾਸਲਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਖੇਡ ਮੇਲੇ, ਧਾਰਮਿਕ ਸਮਾਗਮ, ਸਮਾਰੋਹਾਂ ਆਦਿ ਵਿੱਚ 20 ਤੋਂ ਜਿਆਦਾ ਲੋਕਾਂ ਦਾ ਇਕੱਠ ‘ਤੇ ਵੀ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਗਈ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਦੀ ਐਪੀਡੈਮਿਕ ਡੀਸੀਜ਼ ਐਕਟ 1897 ਤਹਿਤ ਹੁਕਮ ਜਾਰੀ ਕਰਦਿਆਂ ਐਸ.ਐਸ.ਪੀ., ਸਾਰੇ ਐਸ.ਡੀ.ਐਮਜ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸਿਵਲ ਸਰਜਨ, ਸਹਾਇਕ ਡਾਇਰੈਕਟਰ ਫੈਕਟਰੀਜ, ਜੀ.ਐਮ. ਡੀ.ਆਈ.ਸੀ., ਡੀ.ਡੀ.ਪੀ.ਓ., ਸਮੂਹ ਬੀ.ਡੀ.ਪੀ.ਓਜ ਤੇ ਕਾਰਜ ਸਾਧਕ ਅਫ਼ਸਰਾਂ ਨੂੰ ਇਹ ਆਦੇਸ਼ ਲਾਗੂ ਕਰਵਾਉਣ ਲਈ ਕਿਹਾ ਹੈ।

ਡਿਪਟੀ ਕਮਿਸ਼ਨਰ ਨੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਕੋਵਿਡ-19 ਦੇ ਫੈਲਣ ਕਰਕੇ ਪੈਦਾ ਹੋਣ ਵਾਲੀ ਸੰਭਾਵਤ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਵਧਾਨੀਆਂ ਜਰੂਰ ਵਰਤਣ, ਸਮਾਜਿਕ ਦੂਰੀ ਬਣਾ ਕੇ ਰੱਖਣ ਪਰੰਤੂ ਘਬਰਾਹਟ ‘ਚ ਨਾ ਆਉਣ ਅਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਨ।