ਨਵੀ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹੋਣਗੇ । ਇਹ ਦੌਰਾ ਸੱਤ ਮਾਰਚ ਤੱਕ ਚੱਲੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ 7 ਮਾਰਚ 2026 ਤੱਕ ਭਾਰਤ, ਆਸਟ੍ਰੇਲੀਆ ਅਤੇ ਜਾਪਾਨ ਦਾ ਦੌਰਾ ਕਰਨਗੇ। ਇਸ ਯਾਤਰਾ ਦਾ ਉਦੇਸ਼ ਵਪਾਰ, ਊਰਜਾ, ਤਕਨਾਲੋਜੀ ਅਤੇ ਰੱਖਿਆ ਵਿੱਚ ਕੈਨੇਡੀਅਨ ਕਾਮਿਆਂ ਅਤੇ ਕਾਰੋਬਾਰਾਂ ਲਈ ਨਵੇਂ ਮੌਕੇ ਖੋਲ੍ਹਣਾ ਹੈ।
ਸਭ ਤੋਂ ਪਹਿਲਾਂ ਉਹ 26 ਫਰਵਰੀ ਨੂੰ ਭਾਰਤ ਦੇ ਦੌਰੇ ‘ਤੇ ਆਉਣਗੇ। ਕੈਨੇਡੀਅਨ ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਆਪਣੀ ਭਾਰਤ ਫੇਰੀ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਂ ਸਾਂਝੇਦਾਰੀ ਬਣਾਉਣ ‘ਤੇ ਚਰਚਾ ਕਰਨਗੇ। ਇਸ ਯਾਤਰਾ ਦਾ ਮਕਸਦ ਇੰਡੋ-ਪੈਸੀਫਿਕ ਖੇਤਰ ਵਿੱਚ ਕੈਨੇਡਾ ਦੀ ਭਾਈਵਾਲੀ ਨੂੰ ਹੋਰ ਡੂੰਘਾ ਬਣਾਉਣਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਰਨੀ ਆਪਣੀ ਭਾਰਤ ਫੇਰੀ ਦੌਰਾਨ ਪਹਿਲਾਂ ਮੁੰਬਈ ਜਾਣਗੇ। ਫਿਰ ਉਹ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵੇਂ ਆਗੂ ਕੈਨੇਡਾ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਬਾਰੇ ਚਰਚਾ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਯਾਤਰਾ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਦੋਵੇਂ ਆਗੂ ਭਾਰਤ-ਕੈਨੇਡਾ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਵਿਸਥਾਰ ਨਾਲ ਚਰਚਾ ਕਰਨਗੇ। ਇਹ ਫੇਰੀ ਵਪਾਰ, ਤਕਨਾਲੋਜੀ, ਊਰਜਾ ਅਤੇ ਰੱਖਿਆ ਦੇ ਖੇਤਰਾਂ ਵਿੱਚ ਕੈਨੇਡਾ ਅਤੇ ਭਾਰਤ ਵਿਚਕਾਰ ਨਵੀਂ ਸਾਂਝੇਦਾਰੀ ਵੱਲ ਇੱਕ ਵੱਡਾ ਕਦਮ ਦਰਸਾਉਂਦੀ ਹੈ।
