ਕੁਰਾਲੀ, ਵਪਾਰ, ਨਿਰਮਾਣ ਤੇ ਫ਼ੌਜ ਦੇ ਭਰਤੀ ਕੇਂਦਰ ਵਜੋਂ ਮਸ਼ਹੂਰ ਰਹੇ ਕਸਬਾ ਕੁਰਾਲੀ ਦਾ ਨਾਂ ਪਿਛਲੇ ਕਈ ਦਹਾਕਿਆਂ ਤੋਂ ਆਤਿਸ਼ਬਾਜ਼ੀ ਦੀ ਮੰਡੀ ਵਜੋਂ ਮਸ਼ਹੂਰ ਹੋ ਚੁੱਕਾ ਹੈ। ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਮੁਹਾਲੀ ਦੇ ਇਸ ਕਸਬੇ ਵਿੱਚ ਹਰ ਸਾਲ ਆਤਿਸ਼ਬਾਜ਼ੀ ਦਾ ਕਰੋੜਾਂ ਦਾ ਵਪਾਰ ਹੁੰਦਾ ਹੈ।
ਕਸਬੇ ਵਿੱਚ ਪਹਿਲਾਂ ਇਕ ਪਰਿਵਾਰ ਨੇ ਲਾਇਸੈਂਸ ਬਣਵਾ ਕੇ ਆਤਿਸ਼ਬਾਜ਼ੀ ਦਾ ਵਪਾਰ ਸ਼ੁਰੂ ਕੀਤਾ ਸੀ ਤੇ 1950 ਤੱਕ ਇੱਥੋਂ ਦੇ ਛੇ ਵਪਾਰੀਆਂ ਨੇ ਲਾਇਸੈਂਸ ਬਣਵਾ ਲਏ। ਉਦੋਂ ਤੋਂ ਕੁਰਾਲੀ ਆਤਿਸ਼ਬਾਜ਼ੀ ਦੀ ਥੋਕ ਮੰਡੀ ਵਜੋਂ ਪ੍ਰਵਾਨਿਤ ਹੋ ਗਿਆ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਇੱਥੋਂ ਹੀ ਆਤਿਸ਼ਬਾਜ਼ੀ ਸਪਲਾਈ ਹੋਣ ਲੱਗੀ। ਕੁਝ ਸਾਲਾਂ ਵਿੱਚ ਹੀ ਆਤਿਸ਼ਬਾਜ਼ੀ ਦਾ ਵਪਾਰ ਵਧ ਗਿਆ ਤੇ ਹੁਣ ਵੀ ਸ਼ਹਿਰ ਵਿੱਚ ਨੌਂ ਲਾਇਸੈਂਸ ਧਾਰਕ ਵਪਾਰੀ ਆਤਿਸ਼ਬਾਜ਼ੀ ਦਾ ਥੋਕ ਵਪਾਰ ਕਰ ਰਹੇ ਹਨ। ਸੂਤਰਾਂ ਅਨੁਸਾਰ ਹਰ ਸਾਲ ਸ਼ਹਿਰ ਵਿੱਚ ਕਰੋੜਾਂ ਰੁਪਏ ਦਾ ਆਤਿਸ਼ਬਾਜ਼ੀ ਦਾ ਵਪਾਰ ਹੁੰਦਾ ਹੈ। ਸ਼ਹਿਰ ਦੇ ਲਾਇਸੈਂਸ ਧਾਰਕ ਥੋਕ ਵਪਾਰੀਆਂ ਤੋਂ ਇਲਾਵਾ ਸੈਂਕੜੇ ਸਟਾਲਾਂ ’ਤੇ ਦੀਵਾਲੀ ਦੇ ਦਿਨਾਂ ਵਿੱਚ ਆਤਿਸ਼ਬਾਜ਼ੀ ਦਾ ਵਪਾਰ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਕਈ ਸਾਲ ਇਹ ਵਪਾਰ ਸਿਰਫ਼ ਦੀਵਾਲੀ ਮੌਕੇ ਹੀ ਹੁੰਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਵਿਆਹ-ਸ਼ਾਦੀਆਂ ਤੇ ਹੋਰ ਸਮਾਗਮਾਂ ਲਈ ਆਤਿਸ਼ਬਾਜ਼ੀ ਦੀ ਮੰਗ ਵਧਣ ਕਾਰਨ ਇਹ ਵਪਾਰ ਸਦਾਬਹਾਰ ਹੋ ਗਿਆ ਹੈ।
ਆਮ ਦਿਨਾਂ ਵਿੱਚ ਭਾਵੇਂ ਥੋੜ੍ਹੀ ਗਿਣਤੀ ਥੋਕ ਵਪਾਰੀ ਹੀ ਆਤਿਸ਼ਬਾਜ਼ੀ ਵੇਚਦੇ ਹਨ ਪਰ ਦੀਵਾਲੀ ਨੇੜੇ ਆਉਣ ’ਤੇ ਮੋਰਿੰਡਾ ਰੋਡ ਉਤੇ ਹਰ ਦੁਕਾਨਦਾਰ ਆਪਣਾ ਅਸਲ ਕਾਰੋਬਾਰ ਬੰਦ ਕਰ ਕੇ ਦੋ ਹਫ਼ਤਿਆਂ ਲਈ ਆਤਿਸ਼ਬਾਜ਼ੀ ਦੇ ਕਾਰੋਬਾਰ ਨੂੰ ਤਰਜੀਹ ਦਿੰਦਾ ਹੈ। ਸ਼ਹਿਰ ਦੇ ਵਪਾਰੀਆਂ ਨੂੰ ਆਤਿਸ਼ਬਾਜ਼ੀ ਦੀ ਸਪਲਾਈ ਤਾਮਿਲਨਾਡੂ ਦੇ ਸ਼ਿਵਾਕਾਸੀ ਤੋਂ ਹੁੰਦੀ ਹੈ। ਥੋਕ ਵਪਾਰੀ ਦੀਵਾਲੀ ਦੇ ਸੀਜ਼ਨ ਨੇੜੇ ਆਤਿਸ਼ਬਾਜ਼ੀ ਦੀਆਂ ਕੀਮਤਾਂ ਵਧਣ ਦੇ ਡਰ ਕਾਰਨ ਘੱਟ ਕੀਮਤ ’ਤੇ ਪਹਿਲਾਂ ਹੀ ਆਤਿਸ਼ਬਾਜ਼ੀ ਖ਼ਰੀਦਣ ਨੂੰ ਤਰਜੀਹ ਦਿੰਦੇ ਹਨ। ਧਮਾਕਾਖੇਜ਼ ਆਤਿਸ਼ਬਾਜ਼ੀ ਤੋਂ ਇਲਾਵਾ ਛੋਟੇ ਬੱਚਿਆਂ ਦੀ ਮਨਪਸੰਦ ਫੁੱਲਝੜੀ ਦੀ ਸਪਲਾਈ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਤੋਂ ਹੁੰਦੀ ਹੈ। ਕੇਂਦਰ ਸਰਕਾਰ ਦੇ ਨੋਟਬੰਦੀ ਅਤੇ ਜੀਐਸਟੀ ਦੇ ਫ਼ੈਸਲੇ ਦਾ ਅਸਰ ਆਤਿਸ਼ਬਾਜ਼ੀ ਦੇ ਵਪਾਰ ’ਤੇ ਵੀ ਪਿਆ ਹੈ। ਨੋਟਬੰਦੀ ਨੇ ਜਿੱਥੇ ਆਮ ਲੋਕਾਂ ਨੂੰ ਝੰਬਿਆ ਹੈ, ਉਥੇ 28 ਫ਼ੀਸਦੀ ਜੀਐਸਟੀ ਲੱਗਣ ਕਾਰਨ ਅਤਿਸ਼ਬਾਜ਼ੀ ਦੀਆਂ ਵਧੀਆਂ ਕੀਮਤਾਂ ਨੇ ਵੀ ਇਸ ਵਪਾਰ ਨੂੰ ਢਾਹ ਲਾਈ ਹੈ।
ਚੰਡੀਗੜ੍ਹ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮਾਂ ਵਿੱਚ ਕੁਰਾਲੀ ਤੋਂ ਸਪਲਾਈ ਹੁੰਦੀ ਆਤਿਸ਼ਬਾਜ਼ੀ ਆਪਣੇ ਰੰਗ ਦਿਖਾ ਚੁੱਕੀ ਹੈ। ਕਰੀਬ ਦਹਾਕਾ ਪਹਿਲਾਂ 2007 ਵਿੱਚ ਅਕਾਲੀ-ਭਾਜਪਾ ਸਰਕਾਰ ਬਣਨ ’ਤੇ ਪੀਸੀਏ ਮੁਹਾਲੀ ਵਿੱਚ ਸਹੁੰ ਚੁੱਕ ਸਮਾਗਮ ਲਈ ਆਤਿਸ਼ਬਾਜ਼ੀ ਕੁਰਾਲੀ ਤੋਂ ਹੀ ਸਪਲਾਈ ਹੋਈ ਸੀ। ਕੁਰਾਲੀ ਭਾਵੇਂ ਆਤਿਸ਼ਬਾਜ਼ੀ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਸ਼ੁਮਾਰ ਹੋ ਚੁੱਕਾ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਕਸਬੇ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਵਿੱਚ ਅਸਫ਼ਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਅਜੇ ਤੱਕ ਕਸਬੇ ਨੂੰ ਫਾਇਰ ਬ੍ਰਿਗੇਡ ਵੀ ਮੁਹੱਈਆ ਨਹੀਂ ਕਰਵਾਈ ਗਈ।