ਚੰਡੀਗੜ੍ਹ : ਮੋਹਾਲੀ ਦੇ ਸੋਹਾਣਾ ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਮੋਟਰ ਅਤੇ ਖਿਡਾਰੀ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਣਾ ਬਲਾਚੌਰੀਆ ਮੂਲ ਰੂਪ ਵਿੱਚ ਪੰਜਾਬ ਦੇ ਬਲਾਚੌਰ ਦੇ ਰਹਿਣ ਵਾਲੇ ਸਨ, ਪਰ ਕੁਝ ਸਮੇਂ ਤੋਂ ਮੋਹਾਲੀ ਵਿੱਚ ਰਹਿ ਰਹੇ ਸੀ। ਉਨ੍ਹਾਂ ਦਾ ਵਿਆਹ ਸਿਰਫ਼ ਦਸ ਦਿਨ ਪਹਿਲਾਂ ਹੀ ਹੋਇਆ ਸੀ। ਅੱਜ ਉਸਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ਾਮ ਤੱਕ ਅੰਤਿਮ ਸਸਕਾਰ ਹੋ ਸਕਦਾ ਹੈ।

ਮੋਹਾਲੀ ਪੁਲਿਸ ਨੇ ਹਮਲਾਵਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਕਾਤਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਾਹਮਣੇ ਆਈ ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ ਨੂੰ ਸੋਹਾਣਾ ਦੇ ਸੈਕਟਰ 82 ਦੇ ਮੈਦਾਨ ਵਿੱਚ ਇੱਕ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ। ਰਾਣਾ ਬਲਾਚੌਰੀਆ ਸ਼ਕਰਪੁਰ, ਜਲੰਧਰ ਦੀ ਟੀਮ ਦੇ ਮੈਨੇਜਰ ਸਨ। ਇਸ ਦੌਰਾਨ ਤਿੰਨ – ਚਾਰ ਵਿਅਕਤੀ ਸੈਲਫੀ ਲੈਣ ਦੇ ਬਹਾਨੇ ਕੋਲ ਆਏ ਅਤੇ ਰਾਣਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਹਮਲੇ ਤੋਂ ਬਾਅਦ ਕੁਝ ਲੋਕ ਬਾਈਕ ‘ਤੇ ਭੱਜਦੇ ਦੇਖੇ ਗਏ, ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਮਲਾਵਰ ਬੋਲੇਰੋ ਗੱਡੀ ਵਿੱਚ ਆਏ ਸਨ।

ਪੁਲਿਸ ਨੇ ਸੋਮਵਾਰ ਰਾਤ ਭਰ ਸੋਹਾਣਾ ਦੇ ਆਲੇ-ਦੁਆਲੇ ਉਨ੍ਹਾਂ ਸਾਰੀਆਂ ਥਾਵਾਂ ‘ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਿੱਥੋਂ ਹਮਲਾਵਰਾਂ ਦੇ ਵਾਹਨ ਲੰਘੇ। ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਇਸ ਘਟਨਾ ‘ਚ ਪ੍ਰਮੋਟਰ ਨੂੰ ਹੀ ਗੋਲੀ ਮਾਰੀ ਗਈ ਸੀ। ਜਦੋਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਬਦਮਾਸ਼ਾਂ ਨੇ 2-3 ਗੋਲੀਆਂ ਚਲਾਈਆਂ। ਫਿਲਹਾਲ ਪੂਰੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ, ਸੀਆਈਏ ਅਤੇ ਮੋਹਾਲੀ ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ।

ਸੋਹਾਣਾ ਵਿਚ ਕਬੱਡੀ ਪ੍ਰਮੋਟਰ ਦੀ ਹੱਤਿਆ ਦੀ ਜ਼ਿੰਮੇਵਾਰੀ ਗੋਪੀ ਘਣਸ਼ਾਮਪੁਰੀਆ ਤੇ ਸ਼ਗਨਪ੍ਰੀਤ ਗੈਂਗ ਨੇ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਸੰਬੰਧੀ ਵਾਇਰਲ ਪੋਸਟ ‘ਚ ਲਿਖਿਆ ਹੈ ਕਿ “ਰਾਣਾ ਬਲਾਚੌਰੀਆ ਦਾ ਜੋ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਕਤਲ ਹੋਇਆ ਹੈ ਉਸ ਦੀ ਜਿੰਮੇਵਾਰੀ ਮੈਂ ਡੋਨੀ ਬਲ, ਸ਼ਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖਬੇ, ਪ੍ਰਭਦਾਸਵਾਲ ਅਤੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ (ਰਾਣਾ) ਸਾਡੇ ਵਿਰੋਧੀ ਜੱਗੂ ਅਤੇ ਲਾਰੈਂਸ ਨਾਲ ਵਰਤਦਾ ਸੀ। ਇਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਪਨਾਹ ਦਿੱਤੀ ਸੀ ਅਤੇ ਖੁਦ ਬੰਦੇ ਸਾਂਭੇ ਸੀ। ਅੱਜ ਰਾਣਾ ਨੂੰ ਮਾਰ ਕੇ, ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਹੈ।”