ਨਵੀਂ ਦਿੱਲੀ, 24 ਮਾਰਚ
ਕੋਵਿਡ-19 ਦੇ ਮੱਦੇਨਜ਼ਰ ਕੈਨੇਡਾ ਦੇ ਓਲੰਪਿਕ ਤੋਂ ਹਟਣ ਮਗਰੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਅੱਜ ਕਿਹਾ ਕਿ ਉਹ ਇਸ ਖੇਡ ਕੁੰਭ ਵਿੱਚ ਦੇਸ਼ ਦੀ ਹਿੱਸੇਦਾਰੀ ਸਬੰਧੀ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਘੱਟੋ-ਘੱਟ ਇੱਕ ਮਹੀਨੇ ਦੀ ਉਡੀਕ ਕੀਤੀ ਜਾਵੇਗੀ। ਕੈਨੇਡਾ ਦੇ ਪਿੱਛੇ ਹਟਣ ਮਗਰੋਂ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ’ਤੇ ਜੁਲਾਈ-ਅਗਸਤ ਵਿੱਚ ਹੋਣ ਵਾਲੀਆਂ ਟੋਕੀਓ ਓਲੰਪਿਕਸ ਬਾਰੇ ਫ਼ੈਸਲਾ ਲੈਣ ਦਾ ਦਬਾਅ ਵਧ ਗਿਆ ਹੈ। ਦੁਨੀਆਂ ਭਰ ਵਿੱਚ ਤਿੰਨ ਲੱਖ ਤੋਂ ਵੱਧ ਲੋਕ ਕਰੋਨਾਵਾਇਰਸ ਦਾ ਸ਼ਿਕਾਰ ਹਨ ਅਤੇ 14000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਹਾਲਾਂਕਿ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਉਡੀਕ ਕਰਨ ਲਈ ਤਿਆਰ ਹੈ ਅਤੇ ਉਸ ਨੇ ਇਸ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ’ਤੇ ਨਜ਼ਰ ਰੱਖੀ ਹੋਈ ਹੈ।
ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ, ‘‘ਆਈਓਏ ਪ੍ਰਮੁੱਖ ਹੋਣ ਦੇ ਨਾਤੇ ਆਪਣੇ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਸਿਹਤ ਮੇਰੀ ਮੁੱਢਲੀ ਚਿੰਤਾ ਹੈ। ਆਈਓਏ ਜੋ ਵੀ ਫ਼ੈਸਲਾ ਕਰੇਗਾ ਉਹ ਖਿਡਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਕਰੇਗਾ, ਪਰ ਅਸੀਂ ਸਿਰਫ਼ ਇੰਤਜ਼ਾਰ ਕਰ ਰਹੇ ਹਾਂ ਅਤੇ ਹਾਲਾਤ ’ਤੇ ਨਜ਼ਰ ਰੱਖ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਉਹ ਆਪਣੇ ਖਿਡਾਰੀਆਂ ਦੇ ਸਰਬੋਤਮ ਹਿੱਤ ਵਿੱਚ ਹੀ ਕੋਈ ਫ਼ੈਸਲਾ ਕਰਨਗੇ।
ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਚਾਰ ਤੋਂ ਪੰਜ ਹਫ਼ਤੇ ਉਡੀਕ ਕਰਾਂਗੇ ਅਤੇ ਫਿਰ ਆਈਓਸੀ ਅਤੇ ਖੇਡ ਮੰਤਰਾਲੇ ਨਾਲ ਸਲਾਹ-ਮਸ਼ਵਰੇ ਮਗਰੋਂ ਹੀ ਕੋਈ ਫ਼ੈਸਲਾ ਲਵਾਂਗੇ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਾਲਾਤ ਏਨੇ ਮਾੜੇ ਨਹੀਂ ਹਨ।”
ਜੁਲਾਈ-ਅਗਸਤ ਵਿੱਚ ਓਲੰਪਿਕ ਹੋਣਾ ਹਾਲ ਦੀ ਘੜੀ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਆਈਓਸੀ ਨੇ ਸਵੀਕਾਰ ਲਿਆ ਹੈ ਕਿ ਉਹ ਖੇਡਾਂ ਮੁਲਤਵੀ ਕਰਨ ਬਾਰੇ ਸੋਚ ਰਹੀ ਹੈ ਅਤੇ ਚਾਰ ਹਫ਼ਤਿਆਂ ਵਿੱਚ ਫ਼ੈਸਲਾ ਲੈ ਲਿਆ ਜਾਵੇਗਾ। ਇਹ ਪੁੱਛਣ ’ਤੇ ਕਿ ਕੀ ਭਾਰਤ ਵੀ ਕੈਨੇਡਾ ਵਾਲਾ ਰਾਹ ਅਪਣਾਏਗਾ, ਖੇਡ ਸਕੱਤਰ ਰਾਧੇਸ਼ਿਆਮ ਜੁਲਾਨੀਆ ਨੇ ਕਿਹਾ ਕਿ ਅਜੇ ਮੰਤਰਾਲਾ ਇਸ ਬਾਰੇ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ। ਮਹਿਤਾ ਨੇ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਅਜੇ ਓਲੰਪਿਕ ਮੁਲਤਵੀ ਹੋਣ ਬਾਰੇ ਨਹੀਂ ਸੋਚ ਰਹੇ। ਅਸੀਂ ਇੱਕ ਮਹੀਨੇ ਦੀ ਉਡੀਕ ਕਰਾਂਗੇ, ਫਿਰ ਆਈਓਏ ਪ੍ਰਧਾਨ ਨਰਿੰਦਰ ਬੱਤਰਾ ਅਤੇ ਆਈਓਸੀ ਕਾਰਜਕਾਰੀ ਕਮੇਟੀ ਨਾਲ ਗੱਲ ਕਰਾਂਗੇ।” ਭਾਰਤ ਵਿੱਚ ਕੋਵਿਡ-19 ਦੇ ਮਾਮਲੇ 400 ਤੋਂ ਵੱਧ ਚੁੱਕੇ ਹਨ ਅਤੇ ਸੱਤ ਮੌਤਾਂ ਹੋ ਗਈਆਂ ਹਨ।