ਅੰਮ੍ਰਿਤਸਰ, 11 ਦਸੰਬਰ
ਨਗਰ ਨਿਗਮ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਜਿੱਥੇ ਉਮੀਦਵਾਰ ਘਰ-ਘਰ ਜਾ ਕੇ ਅਤੇ ਸੋਸ਼ਲ ਮੀਡੀਆ ’ਤੇ ਵੋਟਰਾਂ ਨੂੰ ਭਰਮਾ ਰਹੇ ਹਨ, ਉਥੇ ਲੋਕ ਹਰ ਵਾਰ ਵਾਂਗ ਉਮੀਦਵਾਰਾਂ ਕੋਲੋਂ ਮੁਸ਼ਕਲਾਂ ਦੇ ਹੱਲ ਦੇ ਵਾਅਦੇ ਮੰਗ ਰਹੇ ਹਨ।
ਇਸ ਸ਼ਹਿਰ ਵਿੱਚ ਸਾਫ਼-ਸਫ਼ਾਈ, ਸੀਵਰੇਜ, ਪੀਣ ਵਾਲੇ ਸਾਫ਼ ਪਾਣੀ, ਸਟਰੀਟ ਲਾਈਟਾਂ, ਪਾਰਕਿੰਗ, ਟ੍ਰੈਫ਼ਿਕ, ਤੇ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸਮੇਤ ਹੋਰ ਕਈ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ ਅਜੇ ਤੱਕ ਕੋਈ ਮਾਸਟਰ ਪਲਾਨ ਨਹੀਂ ਬਣਾਇਆ ਗਿਆ। ਅੰਮ੍ਰਿਤਸਰ ਮਿਉਂਸਿਪਲ ਕਮੇਟੀ ਨੂੰ 1976 ਵਿੱਚ ਨਗਰ ਨਿਗਮ ਦਾ ਰੁਤਬਾ ਦਿੱਤਾ ਗਿਆ ਸੀ, ਪਰ ਇਹ ਹੋਂਦ ਵਿੱਚ ਅਪਰੈਲ 1991 ਵਿੱਚ ਆਈ। ਉਦੋਂ ਜਿਹੜੀਆਂ ਸਮੱਸਿਆਵਾਂ ਸਨ, ਅੱਜ ਵੀ ਉਹੀ ਹਨ। ਅੰਮ੍ਰਿਤਸਰ ਸ਼ਹਿਰ ਦਾ ਅੰਦਰੂਨੀ ਹਿੱਸਾ ਅਤੇ ਸ਼ਹਿਰ ਦੇ ਆਲੇ-ਦੁਆਲੇ ਵਸਿਆ ਇਲਾਕਾ ਭਾਵੇਂ ਵਿਕਸਿਤ ਹੈ, ਪਰ ਇਨ੍ਹਾਂ ਦੀਆਂ ਸਮੱਸਿਆਵਾਂ ਇੱਕੋ ਜਿਹੀਆਂ ਹਨ। ਨਗਰ ਨਿਗਮ ਵੱਲੋਂ 20 ਸਾਲ ਪਹਿਲਾਂ ਅਤੇ ਫਿਰ ਉਸ ਤੋਂ ਬਾਅਦ ਨਾਲ ਲੱਗਦੇ ਕਾਫ਼ੀ ਪੇਂਡੂ ਇਲਾਕੇ ਆਪਣੇ ਅਧਿਕਾਰ ਖੇਤਰ ਵਿੱਚ ਲਿਆਂਦੇ ਗਏ ਸਨ ਤੇ ਇਹ ਇਲਾਕੇ ਅਜੇ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਏ ਹਨ। ਸ਼ਹਿਰ ਦੇ ਇਨ੍ਹਾਂ ਹਿੱਸਿਆਂ ਦੇ ਲੋਕ ਪੀਣ ਵਾਲੇ ਪਾਣੀ, ਸੀਵਰੇਜ, ਸਫ਼ਾਈ, ਨਾਜਾਇਜ਼ ਕਬਜ਼ਿਆਂ, ਸਿਹਤ ਸਹੂਲਤਾਂ ਦੀ ਘਾਟ ਤੇ ਆਵਾਰਾ ਪਸ਼ੂਆਂ ਦੇ ਮਸਲੇ ਨਾਲ ਜੂਝ ਰਹੇ ਹਨ।
ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੀ ਗੱਲ ਕਰਦਿਆਂ ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਕੰਡਾ ਅਤੇ ਸੀਨੀਅਰ ਸਿਟੀਜ਼ਨ ਪੈਜਵੰਤ ਸਿੰਘ ਨੇ ਕਿਹਾ ਕਿ ਸਵੇਰੇ ਤਾਂ ਨਿਗਮ ਦੇ ਛੋਟੇ ਟੈਂਪੂ ਕੂੜਾ ਚੁੱਕ ਕੇ ਲੈ ਜਾਂਦੇ ਹਨ, ਪਰ ਉਸ ਤੋਂ ਬਾਅਦ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਇਲਾਕੇ ਵਿੱਚ ਘੱਟੋ-ਘੱਟ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਸਫ਼ਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਖ਼ਰਾਬ ਹੀ ਰਹਿੰਦੀਆਂ ਹਨ। ਸੀਵਰੇਜ ਜੇ ਬਲਾਕ ਹੋ ਜਾਵੇ ਤਾਂ ਕੋਈ ਛੇਤੀ ਉਸ ਦੇ ਹੱਲ ਲਈ ਨਹੀਂ ਬਹੁੜਦਾ। ਗਲੀਆਂ-ਬਾਜ਼ਾਰਾਂ ਵਿੱਚ ਹੁੰਦੇ ਨਾਜਾਇਜ਼ ਕਬਜ਼ਿਆਂ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਰਿਮੰਦਰ ਸਾਹਿਬ ਵੱਡੀ ਗਿਣਤੀ ਸ਼ਰਧਾਲੂ ਬਾਹਰੋਂ ਆਉਂਦੇ ਹਨ, ਪਰ ਸ਼ਹਿਰ ਵਿੱਚ ਕਿਤੇ ਵੀ ਪਖ਼ਾਨਿਆਂ ਦਾ ਢੁਕਵਾਂ ਪ੍ਰਬੰਧ ਨਹੀਂ ਹੈ। ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਉਹ ਇਤਿਹਾਸਕ ਪਿੰਡ ਹਨ, ਜਿਨ੍ਹਾਂ ਦੀ ਜ਼ਮੀਨ ਗੁਰੂ ਰਾਮਦਾਸ ਜੀ ਨੇ ਖ਼ਰੀਦ ਕੇ ਅੰਮ੍ਰਿਤਸਰ ਵਸਾਇਆ ਸੀ। ਇਹ ਪਿੰਡ ਨਗਰ ਨਿਗਮ ਦੇ ਖੇਤਰ ਵਿੱਚ ਹੀ ਆਉਂਦੇ ਹਨ ਤੇ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਨਿਗਮ ਨੇ ਅੱਜ ਤੱਕ ਹਾਂ-ਪੱਖੀ ਪਹੁੰਚ ਨਹੀਂ ਕੀਤੀ। ਗੁਮਟਾਲਾ ਵਾਸੀ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਪਿੰਡ ਨੂੰ ਲਗਪਗ 20 ਸਾਲ ਪਹਿਲਾਂ ਨਗਰ ਨਿਗਮ ਨੇ ਆਪਣੇ ਪ੍ਰਬੰਧ ਹੇਠ ਲੈ ਲਿਆ ਸੀ, ਪਰ ਇਸ ਦਾ ਵਿਕਾਸ ਅਜੇ ਵੀ ਨਹੀਂ ਹੋਇਆ, ਸਾਰੇ ਮਸਲੇ ਜਿਉਂ ਦੇ ਤਿਉਂ ਹਨ। ਰਾਮ ਤੀਰਥ ਰੋਡ ’ਤੇ ਵਸਿਆ ਪਿੰਡ ਮਾਹਲ ਅਤੇ ਇਸ ਦੇ ਆਲੇ-ਦੁਆਲੇ ਬਣੀਆਂ ਕਲੋਨੀਆਂ ਵੀ ਪਾਣੀ, ਸੀਵਰੇਜ, ਗੰਦਗੀ ਤੇ ਆਵਾਜਾ ਕੁੱਤਿਆਂ ਅਤੇ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਸਮਾਜ ਸੇਵਕ ਗੁਰਪਾਲ ਸਿੰਘ ਭੰਗੂ ਨੇ ਦੱਸਿਆ ਕਿ ਇਹ ਸਾਰਾ ਇਲਾਕਾ 2007 ਵਿੱਚ ਨਗਰ ਨਿਗਮ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ ਸੀ, ਪਰ ਅਜੇ ਤੱਕ ਇਸ ਇਲਾਕੇ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਗਿਆ। ਸੁਲਤਾਨਵਿੰਡ ਰੋਡ ਦੇ ਆਲੇ-ਦੁਆਲੇ ਪਿਛਲੇ ਦੋ ਦਹਾਕਿਆਂ ਤੋਂ ਵਸਿਆ ਇਲਾਕਾ ਸੰਘਣੀ ਅਬਾਦੀ ਵਾਲਾ ਹੈ। ਇੱਥੋਂ ਦੇ ਵਾਸੀ ਦੀਪ ਦਵਿੰਦਰ ਸਿੰਘ ਅਤੇ ਸੀਨੀਅਰ ਸਿਟੀਜ਼ਨ ਭਗਵੰਤ ਸਿੰਘ ਨੇ ਕਿਹਾ ਕਿ ਸੁਲਤਾਨਵਿੰਡ ਰੋਡ ਪਿਛਲੇ ਦੋ ਸਾਲ ਤੋਂ ਪੁੱਟੀ ਹੋਈ ਹੈ ਤੇ ਅੱਧ ਵਿਚਾਲੇ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਇਕ ਸ਼ਿਕਾਇਤ ਕੇਂਦਰ ਬਣਨਾ ਚਾਹੀਦਾ ਹੈ, ਜਿੱਥੇ ਮਸਲਿਆਂ ਬਾਰੇ ਸ਼ਿਕਾਇਤ ਦਰਜ ਕਰਾਈ ਜਾ ਸਕੇ।