ਮੈਲਬਰਨ, 21 ਜਨਵਰੀ
ਸੇਰੇਨਾ ਵਿਲੀਅਮਜ਼ ਅਤੇ ਰੋਜਰ ਫੈਡਰਰ ਨੇ ਆਸਟਰੇਲੀਅਨ ਓਪਨ ਵਿੱਚ ਅੱਜ ਜਿੱਤ ਨਾਲ ਸ਼ੁਰੂਆਤ ਕੀਤੀ, ਜਿਸ ਮਗਰੋਂ ਮੀਂਹ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਇਸ ਤਰ੍ਹਾਂ ਜੰਗਲਾਂ ਦੀ ਲੱਗੀ ਅੱਗ ਕਾਰਨ ਵੀ ਚਰਚਾ ਵਿੱਚ ਰਹੇ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਪਹਿਲੇ ਦਿਨ ਕਈ ਮੈਚ ਨਹੀਂ ਹੋ ਸਕੇ। ਅੱਜ ਦੇ 64 ਵਿੱਚੋਂ 48 ਮੈਚ ਮੰਗਲਵਾਰ ਤੱਕ ਟਾਲ ਦਿੱਤੇ ਗਏ। ਫਿਜ਼ਾ ’ਚ ਪੱਸਰੇ ਧੂੰਏਂ ਨਾਲ ਬੀਤੇ ਹਫ਼ਤੇ ਕੁਆਲੀਫਾਈਂਗ ਦੌਰਾਨ ਕਈ ਖਿਡਾਰੀਆਂ ਨੂੰ ਸਾਹ ਲੈਣ ’ਚ ਤਕਲੀਫ਼ ਹੋਈ, ਜਿਸ ਕਾਰਨ ਟੂਰਨਾਮੈਂਟ ਦੇਰ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਬਣ ਗਈ ਸੀ।
ਹਾਲਾਂਕਿ ਟੂਰਨਾਮੈਂਟ ਆਪਣੇ ਮਿਥੇ ਪ੍ਰੋਗਰਾਮ ਅਨੁਸਾਰ ਸ਼ੁਰੂ ਹੋਇਆ ਕਿਉਂਕਿ ਹਵਾ ਗੁਣਵੱਤਾ ਚੰਗੀ ਮਾਪੀ ਗਈ ਸੀ, ਪਰ ਚਾਰ ਘੰਟੇ ਮਗਰੋਂ ਹੀ ਤੇਜ਼ ਮੀਂਹ ਕਾਰਨ ਬਾਹਰ ਦੀ ਕੋਰਟ ’ਤੇ ਖੇਡ ਰੋਕਣੀ ਪਈ। ਮੰਗਲਵਾਰ ਨੂੰ ਵੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਕਾਰਨ ਮੈਚਾਂ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਵਿਸ਼ਵ ਦਾ ਨੰਬਰ ਤਿੰਨ ਖਿਡਾਰੀ ਫੈਡਰਰ ਰੌਡ ਲੇਵਰ ਏਰੇਨਾ ਵਿੱਚ ਛੱਤ ਬੰਦ ਕਰਨ ਮੌਕੇ ਕੋਰਟ ਤੋਂ ਬਾਹਰ ਰਿਹਾ। ਉਸ ਨੇ ਵਾਪਸ ਪਰਤ ਕੇ ਅਮਰੀਕਾ ਦੇ ਸਟੀਵ ਜੌਨਸਨ ਨੂੰ 6-3, 6-2, 6-2 ਨਾਲ ਸ਼ਿਕਸਤ ਦਿੱਤੀ। ਇਸੇ ਮੈਦਾਨ ਵਿੱਚ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਵੀ ਅਗਲੇ ਗੇੜ ਵਿੱਚ ਥਾਂ ਬਣਾ ਲਈ ਹੈ। ਸਰਬੀਆ ਦੇ ਇਸ ਸਟਾਰ ਖਿਡਾਰੀ ਨੇ ਮੁਸ਼ਕਲ ਮੁਕਾਬਲੇ ਵਿੱਚ ਜਰਮਨ ਦੇ ਜਾਨ-ਲੈਨਾਰਡ ਸਟਫ਼ ਨੂੰ 7-6, (7/5), 6-2, 2-6, 6-1 ਨਾਲ ਸ਼ਿਕਸਤ ਦਿੱਤੀ।
ਇਸ ਟੂਰਨਾਮੈਂਟ ਵਿੱਚ 20 ਸਾਲ ਪਹਿਲਾਂ ਪਲੇਠਾ ਮੈਚ ਖੇਡਣ ਮਗਰੋਂ ਫੈਡਰਰ ਕਦੇ ਪਹਿਲੇ ਗੇੜ ’ਚੋਂ ਬਾਹਰ ਨਹੀਂ ਹੋਇਆ। ਮਾਰਗ੍ਰੇਟ ਕੋਰਟ ਏਰੇਨਾ ਅਤੇ ਮੈਲਬਰਨ ਏਰੇਨਾ ਵਿੱਚ ਵੀ ਛੱਤ ਬੰਦ ਕਰਨ ਮਗਰੋਂ ਖੇਡ ਚੱਲਦੀ ਰਹੀ।
ਇਸ ਦੌਰਾਨ ਆਪਣੇ 24ਵੇਂ ਗਰੈਂਡ ਸਲੈਮ ਖ਼ਿਤਾਬ ’ਤੇ ਨਜ਼ਰਾਂ ਗੱਡੀ ਬੈਠੀ ਸੇਰੇਨਾ ਵਿਲੀਅਮਜ਼ ਨੇ ਟੂਰਨਾਮੈਂਟ ਵਿੱਚ ਮਜ਼ਬੂਤ ਸ਼ੁਰੂਆਤ ਕੀਤੀ ਜਦਕਿ ਪਿਛਲੇ ਸਾਲ ਦੀ ਚੈਂਪੀਅਨ ਨਾਓਮੀ ਓਸਾਕਾ ਨੇ ਵੀ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਦੂਜੇ ਗੇੜ ਵਿੱਚ ਥਾਂ ਬਣਾਈ। ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਫੈਲੇ ਧੂੰਏਂ ਦੇ ਖ਼ਤਰੇ ਦੌਰਾਨ ਟੂਰਨਾਮੈਂਟ ਸ਼ੁਰੂ ਹੋਇਆ। ਸੇਰੇਨਾ ਨੇ ਪਹਿਲੇ ਗੇੜ ਵਿੱਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਖ਼ਿਲਾਫ਼ ਪਹਿਲਾ ਸੈੱਟ 19 ਮਿੰਟ ਵਿੱਚ ਜਿੱਤਿਆ ਅਤੇ ਫਿਰ ਸਿਰਫ਼ 58 ਮਿੰਟਾਂ ਵਿੱਚ 6-0, 6-3 ਨਾਲ ਮੈਚ ਆਪਣੇ ਨਾਮ ਕੀਤਾ। ਸੇਰੇਨਾ ਦੀ ਵੱਡੀ ਭੈਣ ਵੀਨਸ ਨੂੰ ਹਾਲਾਂਕਿ 15 ਸਾਲ ਦੀ ਕੋਕੋ ਗੌਫ ਨੇ 7-6 (7/5) 6-3 ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾਇਆ।
ਓਸਾਕਾ ਨੇ ਵੀ ਚੈੱਕ ਗਣਰਾਜ ਦੀ ਮੈਰੀ ਬੌਜ਼ਕੋਵਾ ਨੂੰ 80 ਮਿੰਟਾਂ ਵਿੱਚ 6-2, 6-4 ਨਾਲ ਹਰਾਇਆ। ਸੇਰੇਨਾ ਦੀ ਸਹੇਲੀ ਅਤੇ ਸੰਨਿਆਸ ਲੈਣ ਤੋਂ ਪਹਿਲਾਂ ਆਪਣਾ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਖੇਡ ਰਹੀ ਕੈਰੋਲਾਈਨ ਵੋਜ਼ਨਿਆਕੀ ਵੀ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਦੂਜੇ ਗੇੜ ਵਿੱਚ ਪਹੁੰਚ ਗਈ। ਡੈੱਨਮਾਰਕ ਦੀ ਗੈਰ-ਦਰਜਾ ਪ੍ਰਾਪਤ ਖਿਡਾਰਨ ਨੇ ਅਮਰੀਕਾ ਦੀ ਕ੍ਰਿਸਟੀ ਐਨ ਨੂੰ 6-1, 6-3 ਨਾਲ ਮਾਤ ਦਿੱਤੀ। ਸ਼ਾਮ ਦਾ ਸੈਸ਼ਨ ਢਕੇ ਹੋਏ ਸੈਂਟਰ ਕੋਰਟ ਵਿੱਚ ਖੇਡਿਆ ਗਿਆ, ਜਿਸ ਵਿੱਚ ਆਸਟਰੇਲੀਆ ਦੀ ਦੁਨੀਆਂ ਦੀ ਅੱਵਲ ਨੰਬਰ ਖਿਡਾਰਨ ਐਸ਼ਲੇ ਬਾਰਟੀ ਨੇ ਇੱਥ ਸੈੱਟ ਨਾਲ ਪੱਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਲੇਸੀਆ ਸੁਰੇਂਕੋ ਨੂੰ 5-7, 6-1, 6-1 ਨਾਲ ਸ਼ਿਕਸਤ ਦਿੱਤੀ।
ਮਹਿਲਾ ਵਰਗ ਦੇ ਹੋਰ ਮੁਕਾਬਲਿਆਂ ’ਚ ਸੀਨੀਅਰ ਖਿਡਾਰਨਾਂ ਨੇ ਆਸਾਨ ਜਿੱਤਾਂ ਦਰਜ ਕੀਤੀਆਂ। ਅਮਰੀਕਾ ਦੀ 14ਵਾਂ ਦਰਜਾ ਪ੍ਰਾਪਤ ਸੋਫੀਆ ਕੈਨਿਨ ਨੇ ਇਟਲੀ ਦੀ ਮਾਰਟਿਨਾ ਟ੍ਰੈਵਿਸਾਨ ਨੂੰ 6-2, 6-4 ਨਾਲ, ਜਦਕਿ ਕ੍ਰੋਏਸ਼ੀਆ ਦੀ 13ਵਾਂ ਦਰਜਾ ਪ੍ਰਾਪਤ ਪੈਟਰਾ ਮਾਰਟਿਚ ਨੇ ਅਮਰੀਕਾ ਦੀ ਕ੍ਰਿਸਟੀਨਾ ਮੈਕਹਾਲੇ ਨੂੰ 6-3, 6-0 ਨਾਲ ਅਤੇ ਰੂਸ ਦੀ ਇਕੈਤਰਿਨਾ ਅਲੈਗਜ਼ੈਂਦਰੋਵਾ ਨੇ ਸਵਿਟਜ਼ਰਲੈਂਡ ਦੀ ਜ਼ਿੱਲ ਟਿਚਮੈਨ ਨੂੰ 6-4, 4-6, 6-2 ਨਾਲ ਸ਼ਿਕਸਤ ਦਿੱਤੀ।
ਪੁਰਸ਼ ਵਰਗ ਵਿੱਚ ਦੁਨੀਆਂ ਦੇ ਛੇਵੇਂ ਨੰਬਰ ਦੇ ਖਿਡਾਰੀ ਸਟੈਫਾਨੋਸ ਸਿਟਸਿਪਾਸ ਨੇ ਸਾਲਵਾਟੋਰ ਕਾਰੂਸੋ ਨੂੰ 6-0, 6-2, 6-3 ਨਾਲ ਸ਼ਿਕਸਤ ਦੇ ਕੇ ਦੂਜੇ ਗੇੜ ਵਿੱਚ ਥਾਂ ਬਣਾਈ। ਇਸ 21 ਸਾਲ ਦੇ ਖਿਡਾਰੀ ਤੋਂ ਕਾਫ਼ੀ ਉਮੀਦਾਂ ਹਨ ਕਿਉਂਕਿ ਉਸ ਨੇ ਸਾਲ 2019 ਵਿੱਚ ਰੋਜਰ ਫੈਡਰਰ ਨੂੰ ਹਰਾ ਕੇ ਉਲਟਫੇਰ ਕਰਦਿਆਂ ਆਖ਼ਰੀ ਚਾਰ ਵਿੱਚ ਦਾਖ਼ਲ ਹੋਇਆ ਸੀ। ਕੈਨੇਡਾ ਦੇ 13ਵਾਂ ਦਰਜਾ ਪ੍ਰਾਪਤ ਡੈਨਿਸ ਸ਼ਾਪੋਵਾਲੋਵ ਨੂੰ ਪਹਿਲੇ ਗੇੜ ਵਿੱਚੋਂ ਬਾਹਰ ਹੋਣਾ ਪਿਆ। ਉਸ ਨੂੰ ਹੰਗਰੀ ਦੇ ਮਾਰਟਨ ਫੁਕਸੋਵਿਕਸ ਨੇ 6-3, 6-7 (7/9), 6-1, 7-6 (7/3) ਨਾਲ ਸ਼ਿਕਸਤ ਦਿੱਤੀ।