ਨਵੀਂ ਦਿੱਲੀ, 26 ਸਤੰਬਰ
ਆਪਣੀ ਬਿਮਾਰ ਪਤਨੀ ਦੀ ਦੇਖਭਾਲ ਲਈ ਆਸਟਰੇਲੀਆ ਖ਼ਿਲਾਫ਼ ਪਹਿਲੇ ਤਿੰਨ ਇਕ ਰੋਜ਼ਾ ਕੌਮਾਂਤਰੀ ਮੈਚਾਂ ਤੋਂ ਹਟਣ ਵਾਲਾ ਓਪਨਰ ਸ਼ਿਖਰ ਧਵਨ ਪੰਜ ਮੈਚਾਂ ਦੀ ਲੜੀ ਦੇ ਬਾਕੀ ਦੋ ਮੈਚਾਂ ਲਈ ਵੀ ਟੀਮ ਵਿੱਚ ਨਹੀਂ ਪਰਤਿਆ ਹੈ ਜਦੋਂਕਿ ਜ਼ਖ਼ਮੀ ਹੋਇਆ ਖੱਬੇ ਹੱਥ ਦਾ ਸਪਿੰਨਰ ਅਕਸ਼ਰ ਪਟੇਲ ਫਿੱਟ ਹੋ ਕੇ ਟੀਮ ਵਿੱਚ ਵਾਪਸ ਆ ਗਿਆ ਹੈ। ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਨੂੰ ਬਾਹਰ ਕਰ ਦਿੱਤਾ ਗਿਆ ਹੈ।
ਭਾਰਤ ਲੜੀ ਵਿੱਚ 3-0 ਦੀ ਜੇਤੂ ਬੜ੍ਹਤ ਬਣਾਉਣ ਦੇ ਨਾਲ ਹੀ ਇਕ ਰੋਜ਼ਾਂ ਕੌਮਾਂਤਰੀ ਮੈਚਾਂ ਦੀ ਰੈਂਕਿੰਗਜ਼ ਵਿੱਚ ਨੰਬਰ ਇਕ ’ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੀਨੀਅਰ ਚੋਣ ਕਮੇਟੀ ਨੇ ਇੰਦੌਰ ਵਿੱਚ ਤੀਜਾ ਇਕ ਰੋਜ਼ਾ ਮੈਚ ਸਮਾਪਤ ਹੋਣ ਤੋਂ ਬਾਅਦ ਬਾਕੀ ਦੋ ਇਕ ਰੋਜ਼ਾ ਮੈਚਾਂ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਸ਼ਿਖਰ ਧਵਨ ਦੀ ਵਾਪਸੀ ਨਹੀਂ ਹੋਈ ਹੈ। ਲੜੀ ਦੇ ਬਾਕੀ ਦੋ ਇਕ ਰੋਜ਼ਾ ਮੈਚ 28 ਸਤੰਬਰ ਨੂੰ ਬੰਗਲੌਰ ਵਿੱਚ ਅਤੇ ਪਹਿਲੀ ਅਕਤੂਬਰ ਨੂੰ ਨਾਗਪੁਰ ਵਿੱਚ ਖੇਡੇ ਜਾਣੇ ਹਨ।
ਸ਼ਿਖਰ ਦੀ ਵਾਪਸੀ ਨਾ ਹੋਣ ਕਰ ਕੇ ਓਪਨਰ ਅਜਿੰਕਿਆ ਰਹਾਣੇ ਕੋਲ ਆਖ਼ਰੀ ਦੋ ਇਕ ਰੋਜ਼ਾ ਮੈਚਾਂ ਵਿੱਚ ਵੀ ਓਪਨਿੰਗ ਕਰਨ ਦਾ ਮੌਕਾ ਹੋਵੇਗਾ। ਤੀਜੇ ਇਕ ਰੋਜ਼ਾ ਮੈਚ ਤੋਂ ਪੂਰਬਲੀ ਸ਼ਾਮ ਪ੍ਰੈਸ ਕਾਨਫਰੰਸ ਵਿੱਚ ਜਦੋਂ ਰਹਾਣੇ ਤੋਂ ਸ਼ਿਖਰ ਦੀ ਵਾਪਸੀ ਅਤੇ ਭਵਿੱਖ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਉਹ ਭਵਿੱਖ ਬਾਰੇ ਨਹੀਂ ਸੋਚਦਾ ਹੈ ਬਲਕਿ ਵਰਤਮਾਨ ਵਿੱਚ ਰਹਿਣਾ ਪਸੰਦ ਕਰਦਾ ਹੈ। ਉਸ ਦਾ ਕੰਮ ਟੀਮ ਲਈ ਸਭ ਤੋਂ ਵਧੀਆ ਕਰਨਾ ਹੈ। ਉਸ ਨੇ ਕਿਹਾ ਸੀ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਾ ਨਹੀਂ ਕਰਦਾ ਕਿ ਸ਼ਿਖਰ ਦੇ ਪਰਤਣ ’ਤੇ ਸਿਖ਼ਰਲੇ ਕ੍ਰਮ ਦੀ ਕੀ ਸਥਿਤੀ ਹੋਵੇਗੀ।
ਦੱਸਣਯੋਗ ਹੈ ਕਿ ਰਹਾਣੇ ਚੇਨੱਈ ਵਿੱਚ ਪਹਿਲੇ ਇਕ ਰੋਜ਼ਾ ਮੈਚ ਵਿੱਚ ਸਿਰਫ ਪੰਜ ਦੌੜਾਂ ਬਣਾ ਕੇ ਆਊਟ ਹੋ ਗਿਆ ਸੀ ਪਰ ਉਸ ਤੋਂ ਬਾਅਦ ਉਸ ਨੇ ਕੋਲਕਾਤਾ ਵਿੱਚ 55 ਅਤੇ ਇੰਦੌਰ ਵਿੱਚ 70 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਰਹਾਣੇ ਦੀ ਰੋਹਿਤ ਨਾਲ ਇੰਦੌਰ ਇਕ ਰੋਜ਼ਾ ਮੈਚ ਵਿੱਚ ਸੈਂਕੜੇ ਵਾਲੀ ਓਪਨਿੰਗ ਨੇ ਸਾਂਝੇਦਾਰੀ ਵਿੱਚ ਭਾਰਤ ਨੂੰ ਮਜ਼ਬੂਤ ਆਧਾਰ ਦਿੱਤਾ ਜਿਸ ਦੇ ਜ਼ੋਰ ’ਤੇ ਭਾਰਤ ਨੇ ਆਸਟਰੇਲੀਆ ਦੇ 293 ਦੌੜਾਂ ਦੇ ਸਕੋਰ ਦਾ ਸਫ਼ਲਤਾਪੂਰਬਕ ਪਿੱਛਾ ਕਰ ਲਿਆ।
ਬਾਕੀ ਦੋ ਇਕ ਰੋਜ਼ਾ ਮੈਚਾਂ ਲਈ ਟੀਮ ਵਿੱਚ ਇਕ ਹੋਰ ਬਦਲਾਅ ਪਟੇਲ ਦੀ ਵਾਪਸੀ ਹੈ ਜੋ ਜ਼ਖਮੀ ਹੋਣ ਕਾਰਨ ਪਹਿਲੇ ਤਿੰਨ ਇਕ ਰੋਜ਼ਾ ਮੈਚਾਂ ਤੋਂ ਬਾਹਰ ਹੋ ਗਿਆ ਸੀ ਅਤੇ ਉਸ ਦੀ ਜਗ੍ਹਾ ਜਡੇਜਾ ਨੂੰ ਟੀਮ ਵਿੱਚ ਲਿਆਂਦਾ ਗਿਆ ਸੀ। ਹਾਲਾਂਕਿ ਜਡੇਜਾ ਨੂੰ ਕਿਸੇ ਵੀ ਮੈਚ ਵਿੱਚ ਅੰਤਿਮ ਗਿਆਰਾਂ ਵਿੱਚ ਉਤਰਨ ਦਾ ਮੌਕਾ ਨਹੀਂ ਮਿਲਿਆ। ਹੁਣ ਪਟੇਲ ਫਿੱਟ ਹੋ ਗਿਆ ਹੈ ਅਤੇ ਉਸ ਦੀ ਟੀਮ ਵਿੱਚ ਵਾਪਸੀ ਹੋ ਗਈ ਹੈ।
ਟੀਮ ਇਸ ਤਰ੍ਹਾਂ ਹੈ:-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਧਵ, ਅਜਿੰਕਿਆ ਰਹਾਣੇ, ਮਹਿੰਦਰ ਸਿੰਘ ਧੋਨੀ (ਵਿਕਟ ਕੀਪਰ), ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਅਕਸ਼ਰ ਪਟੇਲ।