ਅੰਮ੍ਰਿਤਸਰ, 9 ਜੂਨ

ਸ਼ਹਿਰ ਵਿਚ ਕਰੋਨਾ ਦੇ ਰੋਜ਼ ਵਧ ਰਹੇ ਮਰੀਜ਼ਾਂ ਕਾਰਨ ਸ਼ਹਿਰ ਦੇ ਛੇ ਇਲਾਕਿਆਂ ਨੂੰ ਕੰਨਟੇਨਮੈਂਟ ਜ਼ੋਨ ਵਿਚ ਤਬਦੀਲ ਕੀਤਾ ਗਿਆ ਹੈ, ਜਿਥੇ ਅੱਜ ਲੋਕਾਂ ਨੂੰ ਬਾਹਰ ਨਾ ਆਉਣ ਦੀ ਹਦਾਇਤ ਦਿੰਦਿਆ ਪ੍ਰਸ਼ਾਸਨ ਵਲੋਂ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ ਹੈ। ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚੋਂ ਰੋਜ਼ ਇਕ ਹਜ਼ਾਰ ਵਿਅਕਤੀਆ ਦੇ ਕਰੋਨਾ ਟੈਸਟ ਕੀਤੇ ਜਾਣਗੇ ਅਤੇ ਇਨ੍ਹਾਂ ਇਲਾਕਿਆਂ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾਵੇਗਾ। ਬੀਤੇ ਦਿਨ ਕਰੋਨਾ ਕਾਰਨ ਤਿੰਨ ਮੌਤਾਂ ਹੋਈਆਂ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਅੰਦਰੂਨੀ ਇਲਾਕੇ ਦੀਆਂ ਛੇ ਰਿਹਾਇਸ਼ੀ ਕਲੋਨੀਆਂ ਨੂੰ ਕੰਟੇਨਮੈਂਟ ਜੋਨ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਬੰਬੇ ਵਾਲਾ ਖੂਹ, ਕਟੜਾ ਪਰਜਾ, ਕਟੜਾ ਮੋਤੀ ਰਾਮ, ਗੰਜ ਦੀ ਮੋਰੀ, ਗਲੀ ਕੰਦਾਂਵਾਲੀ, ਰਾਮ ਬਾਗ ਵਾਲੀ ਗਲੀ ਸ਼ਾਮਲ ਹਨ।

ਕੰਨਟੇਨਮੈਂਟ ਜ਼ੋਨ ਵਾਲੇ ਇਲਾਕੇ ਵਿਚ ਪੁਲੀਸ ਨੇ ਬੈਰੀਕੇਡ ਤੇ ਹੋਰ ਰੋਕਾਂ ਲਾ ਕੇ ਲੋਕਾਂ ਦੀ ਆਵਾਜ਼ਾਈ ਬੰਦ ਕਰ ਦਿਤੀ ਹੈ। ਇਲਾਕਿਆਂ ਵਿਚ ਸਿਰਫ ਰਾਸ਼ਨ ਅਤੇ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ।