ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਧਮਕੀਆਂ ਸਕੂਲ ਪ੍ਰਬੰਧਨ ਨੂੰ ਈਮੇਲ ਰਾਹੀਂ ਭੇਜੀਆਂ ਗਈਆਂ ਹਨ। ਜਿਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕੁਐਡ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਇਹ ਧਮਕੀ ਕਿਸ ਸੰਗਠਨ ਜਾਂ ਵਿਅਕਤੀ ਨੇ ਦਿੱਤੀ, ਇਸਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੈ।

ਇਸ ਦੇ ਨਾਲ ਹੀ ਸਕੂਲ ਵੱਲੋ ਬੱਚਿਆਂ ਦੇ ਮਾਪਿਆਂ ਨੂੰ ਸੁਨੇਹੇ ਭੇਜੇ ਗਏ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲੈ ਜਾਣ ਦੀ ਅਪੀਲ ਕੀਤੀ ਗਈ। ਸਾਰੀਆਂ ਸਕੂਲ ਵੈਨਾਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਫਿਲਹਾਲ ਸਕੂਲਾਂ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਪੁਲਿਸ ਟੀਮਾਂ ਕਲਾਸਰੂਮਾਂ ਦੀ ਜਾਂਚ ਕਰ ਰਹੀਆਂ ਹਨ। ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਸੀ ਇਸ ਲਈ ਈਮੇਲਾਂ ਨੂੰ ਜਾਂਚ ਲਈ ਸਾਈਬਰ ਸੈੱਲ ਨੂੰ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਉਹ ਜਾਂਚ ਤੋਂ ਬਾਅਦ ਹੀ ਬਿਆਨ ਜਾਰੀ ਕਰਨਗੇ।

ਧਮਕੀਆਂ ਤੋਂ ਬਾਅਦ ਪੁਲਿਸ ਨੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਵਿਦਿਆਰਥੀਆਂ ਨੂੰ ਸਕੂਲ ‘ਚੋ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਈਮੇਲ ਕਿਸਨੇ ਭੇਜੀ ਅਤੇ ਇਸਦੇ ਉਦੇਸ਼ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਹਰੇਕ ਸਕੂਲ ਵਿੱਚ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ, ਅਤੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਚੱਲ ਰਹੀ ਹੈ। ਸਾਈਬਰ ਪੁਲਿਸ ਸਟੇਸ਼ਨ ਦੀ ਪੁਲਿਸ ਈਮੇਲਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।