ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਵਿੱਚ ਪੁਲੀਸ ਦੀ ਗੁਰਬਖਸ਼ ਨਗਰ ਚੌਂਕੀ ਵਿੱਚ ਇੱਕ ਧਮਾਕਾ ਹੋਇਆ ਹੈ। ਪੁਲੀਸ ਵੱਲੋਂ ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਦਿਹਾਤੀ ਇਲਾਕੇ ਅਜਨਾਲਾ ਵਿੱਚ ਪੁਲੀਸ ਥਾਣੇ ਦੇ ਬਾਹਰ ਵਿਸਫੋਟਕ ਸਮੱਗਰੀ ਮਿਲੀ ਸੀ ਜਿਸ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਸ਼ਹਿਰੀ ਇਲਾਕੇ ਵਿੱਚ ਪੁਲੀਸ ਚੌਕੀ ਵਿੱਚ ਧਮਾਕਾ ਹੋਇਆ। ਇਸ ਧਮਾਕੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਧਮਾਕੇ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਵਾਲਾ ਮਾਹੌਲ ਹੈ।
ਮਿਲੇ ਵੇਰਵਿਆਂ ਮੁਤਾਬਕ ਇਹ ਧਮਾਕਾ ਅੱਜ ਤੜਕੇ ਸਵੇਰੇ ਤਿੰਨ ਤੇ ਚਾਰ ਵਜੇ ਵਿਚਾਲੇ ਹੋਇਆ। ਰਾਤ ਦਾ ਸਮਾਂ ਹੋਣ ਕਾਰਨ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਹ ਪੁਲੀਸ ਚੌਕੀ ਪਿਛਲੇ ਇੱਕ ਸਾਲ ਤੋਂ ਲਗਪਗ ਬੰਦ ਪਈ ਸੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪੁਲੀਸ ਦੀਆਂ ਫੋਰੈਂਸਿਕ ਟੀਮਾਂ ਵੀ ਪੁੱਜ ਗਈਆਂ ਜਿਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਪੁਲੀਸ ਅਧਿਕਾਰੀਆਂ ਨੇ ਧਮਾਕੇ ਦਾ ਕਾਰਨ ਅਤੇ ਧਮਾਕੇ ਵਿੱਚ ਵਰਤੀ ਗਈ ਜਾਂਚ ਸਮਗਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਸ਼ਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦਿਹਾਤੀ ਖੇਤਰ ਅਜਨਾਲਾ ਦੇ ਪੁਲੀਸ ਥਾਣੇ ਦੇ ਬਾਹਰ ਵੀ ਵਿਸਫੋਟਕ ਸਮੱਗਰੀ ਮਿਲੀ ਸੀ ਜਿਸ ਨੂੰ ਜਾਂਚ ਵਾਸਤੇ ਭੇਜਿਆ ਹੋਇਆ ਹੈ।