ਪਾਤੜਾਂ, ਰਾਸ਼ਟਰੀ ਕਿਸਾਨ ਮਹਾਂਸੰਘ ਵੱਲੋਂ ਦਿੱਲੀ ’ਚ ਕੀਤੇ ਜਾ ਰਹੇ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੈਂਕੜੇ ਵਰਕਰਾਂ ਦੇ ਕਾਫ਼ਲੇ ਨੂੰ ਪਿੰਡ ਸ਼ੁਤਰਾਣਾ ਨੇਡ਼ੇ ਦਿੱਲੀ-ਸੰਗਰੂਰ ਨੈਸ਼ਨਲ ਹਾਈਵੇਅ ਉੱਤੇ ਦੋ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਨੇ ਰੋਕ ਲਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਸੜਕ ’ਤੇ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਸੰਘਰਸ਼ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਦਿੱਲੀ ਜਾਣ ਲਈ ਬਜ਼ਿੱਦ ਕਿਸਾਨਾਂ ਅੱਗੇ ਸਰਕਾਰ ਝੁਕ ਗਈ ਅਤੇ ਕਾਫ਼ਲੇ ’ਚ ਸ਼ਾਮਲ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਦੀ ਥਾਂ ਹੋਰ ਬਦਲਵੇਂ ਸਾਧਨਾਂ ਰਾਹੀਂ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੱਤੀ। ਕੋਰ ਕਮੇਟੀ ਨੇ 23 ਮਾਰਚ ਨੂੰ ਅੰਨਾ ਹਜ਼ਾਰੇ ਵੱਲੋਂ ਅਾਰੰਭੇ ਜਾ ਰਹੇ ਅੰਦੋਲਨ ’ਚ ਸ਼ਮੂਲੀਅਤ ਕਰਨ ਲਈ ਪ੍ਰਸ਼ਾਸਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਹੈ ਪਰ ਸੂਬਾ ਪ੍ਰਧਾਨ ਦਾ ਮਰਨ ਵਰਤ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦਾ ਵਿਰੋਧ ਕਰਨ ਅਤੇ ਹੋਰ ਕਿਸਾਨੀ ਮੰਗਾਂ ਮੰਨਵਾਉਣ ਲਈ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ’ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਵਧ ਰਹੀਆਂ ਹਨ। ਉਧਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਰਾਸ਼ਟਰੀ ਮਜ਼ਦੂਰ ਮਹਾਂਸੰਘ ਮੱਧ ਪ੍ਰਦੇਸ਼ ਦੇ ਪ੍ਰਧਾਨ ਸ਼ਿਵ ਕੁਮਾਰ ਕੱਕਾ ਨੇ ਕੇਂਦਰ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਦੀ ਉਪਜਾਊ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਦੇਣ ਦੀ ਯੋਜਨਾ ਹੈ। ਇਸ ਸਬੰਧੀ ਪੰਜਾਬ ਸਰਕਾਰ ਕੋਲ ਖਰੜਾ ਆ ਚੁੱਕਿਆ ਹੈ ਤੇ ੳੁਸ ਉੱਤੇ ਕੰਮ ਕੀਤਾ ਜਾ ਰਿਹਾ ਹੈ। ਧਰਨੇ ’ਚ ਮਲੂਕ ਸਿੰਘ ਹੀਰਕੇ, ਬਲਦੇਵ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਕਾਕਾ ਸਿੰਘ ਕੋਟੜਾ, ਬੋਘ ਸਿੰਘ, ਮਿਹਰ ਸਿੰਘ ਥੇਹੜੀ, ਜਸਵੀਰ ਸਿੰਘ ਆਦਿ ਬੈਠੇ ਹੋਏ ਹਨ।
ਅੰਨਾ ਹਜ਼ਾਰੇ ਨੂੰ ਅੰਦੋਲਨ ਦੀ ਇਜਾਜ਼ਤ ਮਿਲੀ
ਨਵੀਂ ਦਿੱਲੀ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੂੰ ਅੱਜ ਦਿੱਲੀ ਪੁਲੀਸ ਨੇ ਸ਼ੁੱਕਰਵਾਰ ਤੋਂ ਇਥੇ ਰਾਮਲੀਲਾ ਮੈਦਾਨ ਵਿੱਚ ਅੰਦੋਲਨ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਸ੍ਰੀ ਹਜ਼ਾਰੇ ਉਥੇ ਆਪਣੇ ਹਮਾਇਤੀਆਂ ਸਮੇਤ ਭ੍ਰਿਸ਼ਟਾਚਾਰ ਖ਼ਿਲਾਫ਼ ਭੁੱਖ ਹਡ਼ਤਾਲ ਕਰਨਗੇ।