ਅਮਰੀਕਾ ਦੇ ਕੈਂਟਕੀ ਦੇ ਲੁਈਸਵਿਲੇ ਵਿੱਚ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਇੱਕ ਵੱਡਾ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਧਮਾਕੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬਚਾਅ ਕਰਮਚਾਰੀ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਇਹ ਜਹਾਜ਼ ਹਾਦਸਾ ਮੰਗਲਵਾਰ ਨੂੰ ਸਥਾਨਿਕ ਸਮੇਂ ਅਨੁਸਾਰ ਸ਼ਾਮ 5:15 ਵਜੇ ਵਾਪਰਿਆ ਜਦੋਂ ਜਹਾਜ਼ ਲੁਈਸਵਿਲ ਦੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯੂਪੀਐਸ ਵਰਲਡਪੋਰਟ ਤੋਂ ਹੋਨੋਲੂਲੂ ਲਈ ਰਵਾਨਾ ਹੋ ਰਿਹਾ ਸੀ।
ਲੂਈਸਵਿਲ ਦੇ ਮੇਅਰ ਕ੍ਰੇਗ ਗ੍ਰੀਨਬਰਗ ਨੇ ਕਿਹਾ ਕਿ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ ‘ਤੇ ਕੰਮ ਕਰਨਾ ਜਾਰੀ ਰੱਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੇ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕਰਨਾ ਜਾਰੀ ਰੱਖਾਂਗੇ। ਘਟਨਾ ਦੀ ਵੀਡੀਓ ਵਿੱਚ ਜਹਾਜ਼ ਦੇ ਖੱਬੇ ਪਾਸੇ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਦਿਖਾਈ ਦੇ ਰਿਹਾ ਹੈ। ਫਿਰ ਜਹਾਜ਼ ਜ਼ਮੀਨ ਤੋਂ ਥੋੜ੍ਹੀ ਦੇਰ ਲਈ ਉੱਪਰ ਉੱਠਦਾ ਹੈ, ਫਿਰ ਹਾਦਸਾਗ੍ਰਸਤ ਹੋ ਗਿਆ ਅਤੇ ਅੱਗ ਦੀਆਂ ਲਪਟਾਂ ਵਿੱਚ ਫਸ ਗਿਆ।
ਮੇਅਰ ਕ੍ਰੇਗ ਗ੍ਰੀਨਬਰਗ ਨੇ ਕਿਹਾ ਕਿ ਜਹਾਜ਼ ਵਿੱਚ ਵੱਡੀ ਮਾਤਰਾ ਵਿੱਚ ਜੈੱਟ ਈਂਧਨ ਹਾਦਸੇ ਦਾ ਇੱਕ ਵੱਡਾ ਕਾਰਨ ਸੀ। ਉਨ੍ਹਾਂ ਕਿਹਾ ਜਿੱਥੋਂ ਤੱਕ ਮੈਂ ਸਮਝਦਾ ਹਾਂ, ਉਸ ਅਨੁਸਾਰ ਜਹਾਜ਼ ਵਿੱਚ ਲਗਭਗ 280,000 ਗੈਲਨ ਈਂਧਨ ਸੀ ।ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ਵਿੱਚ ਬਾਲਣ ਹੋਣ ਕਾਰਨ ਅੱਗ ਫੈਲ ਗਈ। ਸਥਾਨਿਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਨੇ ਨੇੜਲੀਆਂ ਇਮਾਰਤਾਂ ਨੂੰ ਹਿਲਾ ਦਿੱਤਾ ਅਤੇ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
