ਨਵੀ ਦਿੱਲੀ : ਅਮਰੀਕਾ ਦੇ ਇੱਕ ਸਹਿਯੋਗੀ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਤੋਂ ਬਾਅਦ ਹੁਣ ਮੈਕਸੀਕੋ ਭਾਰਤ ‘ਤੇ ਉੱਚ ਟੈਰਿਫ ਲਗਾਉਣ ਜਾ ਰਿਹਾ ਹੈ। ਮੈਕਸੀਕੋ ਨੇ ਭਾਰਤ ‘ਤੇ 50 ਪ੍ਰਤੀਸ਼ਤ ਤੱਕ ਦੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਮੈਕਸੀਕੋ ਦੀ ਸੰਸਦ ਨੇ ਬੁੱਧਵਾਰ ਨੂੰ ਏਸ਼ੀਆਈ ਦੇਸ਼ਾਂ ‘ਤੇ 50% ਤੱਕ ਦੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਹ ਟੈਰਿਫ ਉਨ੍ਹਾਂ ਦੇਸ਼ਾਂ ‘ਤੇ ਲਗਾਏ ਜਾਣਗੇ ਜਿਨ੍ਹਾਂ ਨਾਲ ਮੈਕਸੀਕੋ ਦਾ ਮੁਕਤ ਵਪਾਰ ਸਮਝੌਤਾ ਨਹੀਂ ਹੈ। ਇਹ 2026 ਵਿੱਚ ਲਾਗੂ ਹੋਣਗੇ।
ਇਨ੍ਹਾਂ ਦੇਸ਼ਾਂ ‘ਚ ਮੁੱਖ ਤੌਰ ‘ਤੇ ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ। ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਮੈਕਸੀਕੋ ਦੇ ਨਵੇਂ ਆਦੇਸ਼ ਵਿੱਚ ਭਾਰਤ, ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਦੀ ਇੱਕ ਵਿਸ਼ਾਲ ਸ਼੍ਰੇਣੀ ‘ਤੇ 50% ਤੱਕ ਦੇ ਟੈਰਿਫ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕਈ ਚੀਜ਼ਾਂ ‘ਤੇ 35% ਤੱਕ ਦੇ ਟੈਰਿਫ ਵੀ ਲਗਾਏ ਗਏ ਹਨ। ਇਸ ਨਵੇਂ ਕਾਨੂੰਨ ਦੇ ਅਨੁਸਾਰ, ਕਾਰਾਂ, ਆਟੋ ਪਾਰਟਸ, ਕੱਪੜੇ ਅਤੇ ਟੈਕਸਟਾਈਲ, ਪਲਾਸਟਿਕ ਉਤਪਾਦ, ਸਟੀਲ ਅਤੇ ਜੁੱਤੇ ਸਮੇਤ ਲਗਭਗ 1,400 ਵਸਤੂਆਂ ਮਹਿੰਗੀਆਂ ਹੋ ਜਾਣਗੀਆਂ। ਜ਼ਿਆਦਾਤਰ ‘ਤੇ 35 ਪ੍ਰਤੀਸ਼ਤ ਤੱਕ ਟੈਰਿਫ ਲੱਗੇਗਾ, ਅਤੇ ਕੁਝ ‘ਤੇ 50 ਪ੍ਰਤੀਸ਼ਤ ਤੱਕ ਟੈਰਿਫ ਲੱਗੇਗਾ।
ਇਹ ਟੈਰਿਫ ਵਾਧਾ 1 ਜਨਵਰੀ, 2026 ਤੋਂ ਲਾਗੂ ਹੋਵੇਗਾ, ਜਿਸ ਦੇ ਤਹਿਤ ਮੈਕਸੀਕੋ ਨਾਲ ਕੋਈ ਵਪਾਰਕ ਸਮਝੌਤਾ ਨਾ ਕਰਨ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਆਟੋ, ਆਟੋ ਪਾਰਟਸ, ਟੈਕਸਟਾਈਲ, ਪਲਾਸਟਿਕ ਅਤੇ ਸਟੀਲ ਵਰਗੇ ਸਮਾਨ ‘ਤੇ 50% ਤੱਕ ਡਿਊਟੀ ਲਗਾਈ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ 2026 ਵਿੱਚ USMCA ਸਮੀਖਿਆ ਤੋਂ ਪਹਿਲਾਂ ਅਮਰੀਕਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਅਮਰੀਕਾ ਲੰਬੇ ਸਮੇਂ ਤੋਂ ਮੈਕਸੀਕੋ ਰਾਹੀਂ ਚੀਨ ਤੋਂ ਆਉਣ ਵਾਲੇ ਸਸਤੇ ਸਮਾਨ ਬਾਰੇ ਚਿੰਤਾ ਪ੍ਰਗਟ ਕਰਦਾ ਆ ਰਿਹਾ ਹੈ।
