ਅਬੋਹਰ: ਪੰਜਾਬ ਦੇ ਸਕੂਲਾਂ ਨੂੰ ਬੰਬ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਬੋਹਰ ਦੇ ਕਈ ਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਜਿਨਾਂ ‘ਚ ਸ਼ਹਿਰ ਦੇ ਅਜ਼ੰਪਸ਼ਨ ਕਾਨਵੈਂਟ ਸਕੂਲ, ਡੀ.ਏ.ਵੀ. ਸਕੂਲ ਸਮੇਤ ਹੋਰ ਨਿੱਜੀ ਸਕੂਲਾਂ ਦਾ ਨਾਮ ਸ਼ਾਮਿਲ ਹਨ। ਧਮਕੀ ਦੀ ਸੂਚਨਾ ਤੋਂ ਬਾਅਦ ਸਕੂਲਾਂ ਨੇ ਸਾਵਧਾਨੀ ਵਜੋਂ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਹੈ। ਫ਼ਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਧਮਕੀ ਦੇਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਭਰਿਆ ਈਮੇਲ ਸਵੇਰੇ ਕਰੀਬ 8:51 ਵਜੇ ਮਿਲਿਆ। ਈਮੇਲ ਵਿੱਚ ਦੁਪਹਿਰ 1:30 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸੂਚਨਾ ਮਿਲਦਿਆਂ ਹੀ ਸਕੂਲਾਂ ਵਿੱਚ ਹਫੜਾ-ਦਫੜੀ ਮਚ ਗਈ। ਜ਼ਿਆਦਾਤਰ ਸਕੂਲ ਪ੍ਰਬੰਧਕਾਂ ਨੇ ਸਾਵਧਾਨੀ ਵਜੋਂ ਸਕੂਲ ‘ਚ ਛੁੱਟੀ ਦਾ ਐਲਾਨ ਕਰ ਦਿੱਤਾ। ਮਾਪਿਆਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ।

ਜਿਵੇਂ ਹੀ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹ ਵੀ ਬੱਚਿਆਂ ਨੂੰ ਸਕੂਲੋਂ ਲੈਣ ਲਈ ਦੌੜੇ। ਜਦਕਿ ਸਕੂਲੀ ਵਾਹਨਾਂ ਰਾਹੀਂ ਵੀ ਕਈ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੀ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਖੋਜੀ ਟੀਮਾਂ ਨੂੰ ਬੁਲਾਇਆ ਗਿਆ। ਸਕੂਲਾਂ ਦਾ ਕੋਨਾ-ਕੋਨਾ ਛਾਣਿਆ ਗਿਆ, ਪਰ ਇਸ ਦੌਰਾਨ ਅਜੇ ਤਕ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਲਰਟ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਹਰੀਸ਼ ਕੁਮਾਰ ਨੇ ਦੱਸਿਆ ਕਿ ਇੱਥੋਂ ਦੇ ਡੀ.ਏ.ਵੀ. ਸਕੂਲ ਅਤੇ ਅਜ਼ੰਪਸ਼ਨ ਕਾਨਵੈਂਟ ਸਕੂਲ ਸਮੇਤ ਤਿੰਨ-ਚਾਰ ਸਕੂਲਾਂ ਨੂੰ ਸਵੇਰੇ ਸਕੂਲ ਖੁੱਲ੍ਹਣ ਸਮੇਂ ਤੋਂ ਬਾਅਦ ਇੱਕ ਈਮੇਲ ਮਿਲੀ, ਜਿਸ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਨੂੰ ਦੇਖਦੇ ਹੋਏ ਤੁਰੰਤ ਐਕਸ਼ਨ ਲਿਆ ਗਿਆ ਅਤੇ ਸਕੂਲਾਂ ਨੂੰ ਖ਼ਾਲੀ ਕਰਵਾ ਦਿੱਤਾ ਗਿਆ। ਪੂਰੇ ਸਕੂਲ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਪਰ ਇਸ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।