ਹੁਸ਼ਿਆਰਪੁਰ, 7 ਮਾਰਚ : ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਬੰਧੀ ਪੈਦਾ ਹੋ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਅਜਿਹੇ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ, ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਬਿਮਾਰੀ ਦੇ ਟਾਕਰੇ ਲਈ ਪੂਰੀ ਤਿਆਰੀ ਰੱਖਣ ਦੇ ਦਿੱਤੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਿਹਤ ਵਿਭਾਗ ਨੂੰ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਨਿਰਦੇਸ਼ ਦੇ ਦਿੱਤੇ ਗਏ ਹਨ। ਉਨਾਂ ਕਿਹਾ ਕਿ ਕਿ ਪੰਜਾਬ ਵਿੱਚ ਹਾਲੇ ਕੋਈ ਗੰਭੀਰ ਖਤਰਾ ਨਹੀਂ ਹੈ। ਉਨਾਂ ਕਿਹਾ ਕਿ ਫਿਲਹਾਲ ਇਸ ਬਿਮਾਰੀ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਇਸ ਲਈ ਸਿਹਤ ਵਿਭਾਗ ਵਲੋਂ ਜਾਗਰੂਕਤਾ ਗਤੀਵਿਧੀਆਂ ਵਿੱਢੀਆਂ ਜਾ ਰਹੀਆਂ ਹਨ।
ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕਿਸੇ ਖਾਂਸੀ, ਬੁਖਾਰ ਵਾਲੇ ਵਿਅਕਤੀ ਨੂੰ ਇਕੱਠ ਵਾਲੀ ਜਗਾ’ਤੇ ਨਹੀਂ ਜਾਣਾ ਚਾਹੀਦਾ ਅਤੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰਹਿਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਖੰਘਦੇ ਤੇ ਛਿੱਕਦੇ ਸਮੇਂ ਰੁਮਾਲ ਨਾਲ ਨੱਕ ਅਤੇ ਮੂੰਹ ਨੂੰ ਢੱਕੋ। ਇਸ ਤੋਂ ਇਲਾਵਾ ਖਾਂਸੀ, ਬੁਖਾਰ ਵਾਲੇ ਵਿਅਕਤੀ ਨੂੰ ਖੁਦ ਨੇੜੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ। ਮਾਸਕ ਦਾ ਪ੍ਰਯੋਗ ਕਰੋ ਅਤੇ ਭੀੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਹਿਤਿਆਤ ਵਰਤਦਿਆਂ ਜਿੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਹੋਣ ਵਾਲੇ ਸਮਾਰੋਹ ਰੱਦ ਕਰ ਦਿੱਤੇ ਹਨ, ਉਥੇ ਉਦਿਅਮ ਸਮਾਗਮ ਵੀ ਟਾਲ ਦਿੱਤੇ ਗਏ ਹਨ। ਉਨਾਂ ਦੱਸਿਆ ਕਿ 15 ਤੋਂ 17 ਮਾਰਚ ਨੂੰ ਜ਼ਿਲਾ ਪ੍ਰੀਸ਼ਦ ਹੁਸ਼ਿਆਰਪੁਰ ਵਿਖੇ ਹੋਣ ਵਾਲਾ ਜ਼ਿਲਾ ਪੱਧਰੀ ਉਦਿਅਮ ਸਮਾਗਮ ਵੀ ਫਿਲਹਾਲ ਟਾਲ ਦਿੱਤਾ ਗਿਆ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਇਟਲੀ ਤੋਂ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਦੋ ਵਿਅਕਤੀਆਂ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਨਾਂ ਵਿਅਕਤੀਆਂ ਦੇ ਪਾਸਪੋਰਟ ‘ਤੇ ਐਡਰੈਸ ਹੁਸ਼ਿਆਰਪੁਰ ਦਾ ਹੈ ਅਤੇ ਇਨਾਂ ਦੇ ਸੈਂਪਲ ਮੈਡੀਕਲ ਕਾਲਜ ਵਲੋਂ ਹੀ ਜਾਂਚ ਲਈ ਪੂਨੇ ਭੇਜੇ ਗਏ ਹਨ, ਜਿਸਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨਾਂ ਕਿਹਾ ਕਿ ਇਹ ਵਿਅਕਤੀ ਮੈਡੀਕਲ ਕਾਲਜ ਵਿਖੇ ਹੀ ਡਾਕਟਰਾਂ ਦੀ ਦੇਖ-ਰੇਖ ਵਿੱਚ ਹਨ।