* ਹਾਈ ਕੋਰਟ ਨੇ ਸਾਬਕਾ ਸੈਸ਼ਨ ਜੱਜ ਅਨਿਲ ਕੁਮਾਰ ਨੂੰ ਸੌਂਪਿਆ ਜ਼ਿੰਮਾ
ਚੰਡੀਗੜ੍ਹ, ਸੇਵਾਮੁਕਤ ਨਿਆਂਇਕ ਅਧਿਕਾਰੀ ਅਧੀਨ ਡੇਰਾ ਸਿਰਸਾ ਦੀ ਪੁਣਛਾਣ ਦੀ ਇਜਾਜ਼ਤ ਦਿੰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੁੱਲ ਬੈਂਚ ਨੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਅਨਿਲ ਕੁਮਾਰ ਸਿੰਘ ਪਵਾਰ ਨੂੰ ਅੱਜ ਅਦਾਲਤੀ ਕਮਿਸ਼ਨਰ ਨਿਯੁਕਤ ਕੀਤਾ।
ਹਰਿਆਣਾ ਸਰਕਾਰ ਵੱਲੋਂ ਦਾਇਰ ਪਟੀਸ਼ਨ ਉਤੇ ਸੁਣਵਾਈ ਦੌਰਾਨ ਜਸਟਿਸ ਸੂਰਿਆ ਕਾਂਤ, ਜਸਟਿਸ ਅਗਸਟਾਇਨ ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਣ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਸੱਤ ਸੌ ਏਕੜ ਵਿੱਚ ਫੈਲੇ ਡੇਰੇ ਦੀ ਸਮੁੱਚੀ ਪੁਣਛਾਣ ਅਦਾਲਤੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਨਿਗਰਾਨੀ ਹੇਠ ਹੋਵੇਗੀ। ਹਰਿਆਣਾ ਸਰਕਾਰ ਨੂੰ ਇਸ ਪੁਣਛਾਣ ਪ੍ਰਕਿਰਿਆ ਵਿੱਚ ਸਹਿਯੋਗ ਲਈ ਇਕ ਡਿਊਟੀ ਮੈਜਿਸਟਰੇਟ ਨਿਯੁਕਤ ਕਰਨ ਦਾ ਵੀ ਆਦੇਸ਼ ਦਿੱਤਾ ਗਿਆ।
ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਡੀਓਗ੍ਰਾਫੀ ਅਧੀਨ ਨੇਪਰੇ ਚੜ੍ਹਨ ਵਾਲੀ ਇਸ ਪ੍ਰਕਿਰਿਆ ਦੌਰਾਨ ਮਾਲ, ਟੈਕਸ, ਫੋਰੈਂਸਿਕ ਮਾਹਰਾਂ ਅਤੇ ਨੀਮ ਫੌਜੀ ਦਸਤਿਆਂ ਦਾ ਵੀ ਸਹਿਯੋਗ ਲਿਆ ਜਾਵੇ। ਅਦਾਲਤੀ ਕਮਿਸ਼ਨਰ ਪੁਣਛਾਣ ਦੀ ਪ੍ਰਕਿਰਿਆ ਦੌਰਾਨ ਮਿਲਣ ਵਾਲੇ ਸਾਰੇ ਸਾਮਾਨ ਦਾ ਪੂਰਾ ਰਿਕਾਰਡ ਰੱਖੇਗਾ ਅਤੇ ਹਾਈ ਕੋਰਟ ਤੇ ਸਰਕਾਰ ਨੂੰ ਵਿਸਤਾਰ ਨਾਲ ਰਿਪੋਰਟ ਸੌਂਪੇਗਾ। ਸਿਰਸਾ ਜਾਂ ਕਿਸੇ ਵੀ ਹੋਰ ਥਾਂ ਕਮਿਸ਼ਨਰ ਨੂੰ ਸਰਕਾਰੀ ਗੱਡੀ, ਸੁਰੱਖਿਆ ਅਤੇ ਹੋਰ ਸਹਾਇਤਾ ਮੁਹੱਈਆ ਕਰਨ ਲਈ ਵੀ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਗਿਆ। ਅਦਾਲਤੀ ਕਮਿਸ਼ਨਰ ਲੋੜ ਮੁਤਾਬਕ ਕਿਸੇ ਵੀ ਹੋਰ ਏਜੰਸੀ ਤੋਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਦਾ ਵੀ ਹੱਕਦਾਰ ਹੋਵੇਗਾ। ਹਰਿਆਣਾ ਸਰਕਾਰ ਨੂੰ ਹਾਲ ਦੀ ਘੜੀ ਅਦਾਲਤੀ ਕਮਿਸ਼ਨਰ ਨੂੰ 1.25 ਲੱਖ ਰੁਪਏ ਦਾ ਅੰਤਰਿਮ ਭੁਗਤਾਨ ਕਰਨ ਲਈ ਕਿਹਾ ਗਿਆ ਹੈ।